ਨੂਰਪੁਰ ਬੇਦੀ, 25 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਤੋਂ ਗੜ੍ਹਸ਼ੰਕਰ ਮੁੱਖ ਮਾਰਗ ਨਾਲ ਸੰਬੰਧਿਤ ਪਿੰਡ ਮਾਣਕੂਮਾਜਰਾ ਤੋਂ ਗੱਦੀਵਾਲ ਥਾਣਾ ਰਾਹੀਂ ਸੰਗਤਪੁਰ ਨੂੰ ਜੋੜਨ ਵਾਲੀ ਅਹਿਮ ਸੜਕ ਦੇ ਨਵੀਨੀਕਰਨ ਦਾ ਕੰਮ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਸ਼ੁਰੂ ਕਰਵਾ ਦਿੱਤਾ ਗਿਆ | ਸੜਕ ਦੇ ਨਿਰਮਾਣ ਦੀ ਆਰੰਭਤਾ ਬਾਬਾ ਬੀਰੂ ਨਾਥ ਸ਼ਿਵ ਮੰਦਿਰ ਗੱਦੀਵਾਲ ਵਿਖੇ ਨੀਂਹ ਪੱਥਰ ਦੀ ਘੁੰਡ ਚੁਕਾਈ ਕਰਵਾ ਕੇ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਨੇ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਇਸ ਸੜਕ ਦਾ ਨਾਮ ਬਦਲ ਕੇ ਹੁਣ ਬਾਬਾ ਰਾਮ ਨਾਥ ਜੀ ਮਾਰਗ ਕਰ ਦਿੱਤਾ ਗਿਆ ਹੈ ਜਿਸ ਸਬੰਧੀ ਵਿਭਾਗੀ ਮਨਜ਼ੂਰੀ ਵੀ ਪ੍ਰਾਪਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਰੀਬ 3.43 ਕਿੱਲੋਮੀਟਰ ਲੰਬੀ ਇਸ ਸੜਕ ਦੇ ਨਵੇਂ ਸਿਰੇ ਤੋਂ ਨਿਰਮਾਣ 'ਤੇ ਲਗਪਗ 2.57 ਕਰੋੜ ਰੁਪਏ ਦੀ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ ਸੜਕ ਨੂੰ ਤਕਨੀਕੀ ਮਿਆਰਾਂ ਅਨੁਸਾਰ ਚੌੜਾ ਕਰਕੇ ਤਿਆਰ ਕੀਤਾ ਜਾਵੇਗਾ, ਜਿਸ ਵਿਚ ਮਜ਼ਬੂਤ ਸਬ-ਬੇਸ ਤਹਿ, ਵੇਟ ਮਿਕਸ ਮੈਕਡਮ ਪਰਤ ਅਤੇ ਬਿਟੂਮਿਨਸ ਲੇਅਰ ਨਾਲ ਉੱਚ ਗੁਣਵੱਤਾ ਦੀ ਕਾਰਪੇਟਿੰਗ ਸ਼ਾਮਲ ਹੋਵੇਗੀ | ਰਸਤੇ ਵਿਚ ਦੋ ਫੁੱਟ ਹਿਊਮ ਪਾਈਪ ਕਲਵਰਟ ਸਮੇਤ 20 ਫੁੱਟ ਪੁਲੀ ਦਾ ਨਿਰਮਾਣ ਵੀ ਕੀਤਾ ਜਾਵੇਗਾ ਤਾਂ ਜੋ ਬਰਸਾਤੀ ਪਾਣੀ ਦੀ ਰਵਾਨਗੀ ਸੁਚਾਰੂ ਰਹੇ, ਨਾਲ ਹੀ ਪਾਣੀ ਦੀ ਨਿਕਾਸੀ ਲਈ ਸਾਈਡ ਡਰੇਨ ਅਤੇ ਜ਼ਰੂਰੀ ਥਾਵਾਂ 'ਤੇ ਰੀਟੇਨਿੰਗ ਵਾਲਾਂ ਬਣਾਈਆਂ ਜਾਣਗੀਆਂ | ਵਿਧਾਇਕ ਚੱਢਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਮੁੱਖ ਮਾਰਗਾਂ ਨਾਲ ਬਿਹਤਰ ਕਨੈਕਟੀਵਿਟੀ ਦੇਣ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਵੇਗੀ, ਸਗੋਂ ਵਪਾਰਕ ਗਤੀਵਿਧੀਆਂ ਨੂੰ ਵੀ ਵਾਧਾ ਮਿਲੇਗਾ | Tਸਾਡਾ ਟੀਚਾ ਕੇਵਲ ਸੜਕ ਬਣਾਉਣਾ ਨਹੀਂ, ਸਗੋਂ ਲੰਬੇ ਸਮੇਂ ਲਈ ਟਿਕਾਊ ਇੰਫਰਾਸਟਰਕਚਰ ਤਿਆਰ ਕਰਨਾ ਹੈ | ਕੰਮ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਇੰਜੀਨੀਅਰਿੰਗ ਮਾਪਦੰਡਾਂ ਅਨੁਸਾਰ ਨਿਗਰਾਨੀ ਕੀਤੀ ਜਾਵੇਗੀ ਅਤੇ ਨਿਰਧਾਰਿਤ ਸਮੇਂ ਅੰਦਰ ਪ੍ਰੋਜੈਕਟ ਪੂਰਾ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਮਹਿੰਦਰ ਸਿੰਘ ਰਾਣਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ, ਦੇਸ ਰਾਜ ਸੈਣੀ, ਸੰਮਤੀ ਮੈਂਬਰ ਤਿਲਕ ਰਾਜ ਪੰਮਾ, ਰਵਿੰਦਰ ਸਿੰਘ ਬਿੰਦੀ, ਸਰਪੰਚ ਜਰਨੈਲ ਸਿੰਘ ਜੈਲੀ, ਰਾਮ ਧਨ ਬਾਟ, ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ, ਪ੍ਰਧਾਨ ਮਨੀਸ਼ ਰਾਣਾ, ਸਰਪੰਚ ਗੁਰਜੀਤ ਸਿੰਘ ਗੋਲਡੀ ਕਲਵਾਂ ਤੇ ਹੋਰ ਹਾਜ਼ਰ ਸਨ |