ਸੰਤੋਖਗੜ੍ਹ/ਸੁਖਸਾਲ, 26 ਫਰਵਰੀ (ਧਰਮ ਪਾਲ)-ਗ੍ਰਾਮ ਪੰਚਾਇਤਾਂ ਲੋਕਤੰਤਰ ਦੀ ਨੀਂਹ ਹਨ ਅਤੇ ਪੰਚਾਇਤ ਕਮਿਊਨਿਟੀ ਸੈਂਟਰ ਪੇਂਡੂ ਵਿਕਾਸ ਗਤੀਵਿਧੀਆਂ ਲਈ ਸ਼ਕਤੀਸ਼ਾਲੀ ਕੇਂਦਰਾਂ ਵਜੋਂ ਕੰਮ ਕਰਦੇ ਹਨ | ਇਹ ਪ੍ਰਗਟਾਵਾ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਵਿਧਾਨ ਸਭਾ ਹਲਕੇ ਦੇ ਕੁੰਗਰਤ ਗ੍ਰਾਮ ਪੰਚਾਇਤ ਵਿਚ 33 ਲੱਖ ਦੀ ਲਾਗਤ ਨਾਲ ਬਣੀ ਕਮਿਊਨਿਟੀ ਸੈਂਟਰ ਦੇ ਉਦਘਾਟਨ ਕਰਨ ਮੌਕੇ ਕੀਤਾ | ਉਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਦੇ ਨਿਰਮਾਣ ਲਈ ਕੁੱਲ 1.14 ਕਰੋੜ ਉਪਲਬਧ ਕਰਵਾਏ ਗਏ ਸਨ | ਲਗਭਗ 33 ਲੱਖ ਦੀ ਲਾਗਤ ਨਾਲ ਉਸਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਦੂਜੀ ਮੰਜ਼ਿਲ ਦੂਜੇ ਪੜਾਅ ਵਿਚ ਬਣਾਈ ਜਾਵੇਗੀ | ਇਸ ਤੋਂ ਪਹਿਲਾਂ ਉਨ੍ਹਾਂ 1.15 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਬੀਟਨ ਪੰਚਾਇਤ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ | ਪੰਚਾਇਤ ਪ੍ਰਧਾਨ ਦੇ ਚੈਂਬਰ ਤੋਂ ਇਲਾਵਾ ਇਹ ਇਮਾਰਤ ਇੱਕ ਆਧੁਨਿਕ ਮੀਟਿੰਗ ਹਾਲ, ਗ੍ਰਾਮ ਸਭਾ ਆਡੀਟੋਰੀਅਮ, ਲੋਕ ਮਿੱਤਰ ਕੇਂਦਰ ਅਤੇ ਲਾਇਬ੍ਰੇਰੀ ਵਰਗੀਆਂ ਸਹੂਲਤਾਂ ਹੋਣਗੀਆਂ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਚਾਇਤਾਂ ਨੂੰ ਵਧੇਰੇ ਸਰੋਤ, ਆਧੁਨਿਕ ਸਹੂਲਤਾਂ ਅਤੇ ਪ੍ਰਸ਼ਾਸਕੀ ਤਾਕਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ | ਉਨ੍ਹਾਂ ਦੱਸਿਆ ਕਿ ਇੱਕ ਟਰੈਫ਼ਿਕ ਪਾਰਕ 5 ਕਰੋੜ ਦੀ ਲਾਗਤ ਵਾਲਾ, ਇੱਕ ਆਟੋਮੈਟਿਕ ਟੈਸਟਿੰਗ ਸੈਂਟਰ 13.50 ਕਰੋੜ ਦੀ ਲਾਗਤ ਵਾਲਾ, ਇੱਕ ਹੈਲੀਪੋਰਟ ਅਤੇ 10 ਕਰੋੜ ਦੀ ਲਾਗਤ ਵਾਲਾ ਇੱਕ ਆਧੁਨਿਕ ਰਨਿੰਗ ਟਰੈਕ 'ਤੇ ਨਿਰਮਾਣ ਕਾਰਜ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ 2027 ਤੱਕ ਹਰੋਲੀ ਖੇਤਰ ਨੂੰ 100 ਫੀਸਦੀ ਪੀਣ ਵਾਲੇ ਪਾਣੀ ਅਤੇ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਵੱਲ ਠੋਸ ਪ੍ਰਗਤੀ ਪ੍ਰਾਪਤ ਕਰਨਗੀਆਂ | ਇਸ ਤੋਂ ਇਲਾਵਾ ਬਿਭੋਰ ਸਾਹਿਬ ਤੋਂ ਇੱਕ ਵਾਟਰ ਲਿਫ਼ਟਿੰਗ ਸਕੀਮ 'ਤੇ ਕੰਮ ਚੱਲ ਰਿਹਾ ਹੈ | ਇਸ ਦੇ ਪੂਰਾ ਹੋਣ ਨਾਲ ਖੇਤਰ ਵਿਚ ਖੇਤੀਬਾੜੀ ਗਤੀਵਿਧੀਆਂ ਦੇ ਵਿਕਾਸ ਵਿਚ ਤੇਜ਼ੀ ਆਵੇਗੀ | ਇਸ ਮੌਕੇ ਸਥਾਨਕ ਆਗੂਆਂ ਅਤੇ ਪਿੰਡ ਵਾਸੀਆਂ ਨੇ ਉਪ ਮੁੱਖ ਮੰਤਰੀ ਨੂੰ ਵੱਖ-ਵੱਖ ਮੰਗਾਂ ਦੱਸੀਆਂ ਜਿਨ੍ਹਾਂ ਦਾ ਉਨ੍ਹਾਂ ਨੇ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਬਿਲਾਸਪੁਰ ਸਦਰ ਦੇ ਸਾਬਕਾ ਵਿਧਾਇਕ ਬੰਬਰ ਠਾਕੁਰ, ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ, ਬਲਾਕ ਕਾਂਗਰਸ ਹਰੋਲੀ ਦੇ ਪ੍ਰਧਾਨ ਵਿਨੋਦ ਬਿੱਟੂ, ਪ੍ਰਮੋਦ ਕੁਮਾਰ ਆਦਿ ਵੱਖ ਵੱਖ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |