ਨੂਰਪੁਰ ਬੇਦੀ, 26 ਫਰਵਰੀ (ਹਰਦੀਪ ਸਿੰਘ ਢੀਂਡਸਾ)-ਇਲਾਕੇ ਵਿਚ ਪੰਜਾਬ ਦੀਆਂ ਪੁਰਾਤਨ ਖੇਡਾਂ ਨੂੰ ਮੁੜ ਜਗਾਉਣ ਤੇ ਨੌਜਵਾਨੀ ਨੂੰ ਮੈਦਾਨਾਂ ਵੱਲ ਮੋੜਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਤੇ ਕਲੱਬ ਮੈਂਬਰਾਂ ਨੂੰ ਪੰਜਾਬ ਮੋਰਚਾ ਵਲੋਂ ਰਾਣਾ ਨਿਵਾਸ ਵਿਖੇ ਕਰਵਾਏ ਸਮਾਰੋਹ ਦੌਰਾਨ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਰਵਿੰਦਰ ਸਿੰਘ ਸੁੱਖਾ ਕੈਨੇਡਾ, ਅਮਨ ਸਿੰਘ ਜੇ. ਈ., ਰਾਜਵੀਰ ਸਿੰਘ ਬੈਂਸ, ਪਲਵਿੰਦਰ ਸਿੰਘ ਪੋਲਾ ਰੀਹਲ, ਹਰਵਿੰਦਰ ਰੀਹਲ, ਰਵਿੰਦਰ ਰੀਹਲ, ਕੁਲਵਿੰਦਰ ਰੀਹਲ, ਭੱਠਲ ਬੰਟੀ ਜੇਤੇਵਾਲ, ਅਰਸ਼ ਕਨੇਡਾ ਦੇ ਮੋਹਿਤ ਸਨੈਕਰ ਨੂੰ ਸਿਰੋਪਾਓ ਦੇ ਸਨਮਾਨ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਸਨਮਾਨ ਪ੍ਰੋਗਰਾਮ ਦੀ ਅਗਵਾਈ ਗੌਰਵ ਰਾਣਾ ਦੇ ਨਾਲ ਸੂਬੇਦਾਰ ਰੋਸ਼ਨ ਲਾਲ ਅਤੇ ਬਲਵੀਰ ਖਾਨ ਨੇ ਕੀਤੀ | ਗੌਰਵ ਰਾਣਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਸਿਰਫ ਖੇਡ ਮੇਲਾ ਨਹੀਂ ਕਰਵਾਇਆ, ਸਗੋਂ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਮੁੜ ਜੀਵਿਤ ਕਰਨ ਦਾ ਵੱਡਾ ਮਿਸ਼ਨ ਸ਼ੁਰੂ ਕੀਤਾ ਹੈ | ਉਨ੍ਹਾਂ ਇਲਾਕੇ ਦੇ ਹੋਰ ਐੱਨ.ਆਰ.ਆਈ. ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਅੱਗੇ ਆ ਕੇ ਇਸ ਮਿਸ਼ਨ ਨਾਲ ਜੁੜਨ | ਇਸ ਮੌਕੇ ਕਲੱਬ ਦੇ ਪ੍ਰਤੀਨਿਧੀ ਪਲਵਿੰਦਰ ਭੋਲਾ ਨੇ ਐਲਾਨ ਕੀਤਾ ਕਿ ਅਗਲੇ ਸਾਲ ਹੋਰ ਵੱਡੇ ਪੱਧਰ 'ਤੇ ਪੰਜਵਾਂ ਕਬੱਡੀ-ਵਾਲੀਬਾਲ ਕੱਪ ਅਤੇ ਖੁੱਲਾ ਅਖਾੜਾ ਲਗਾਇਆ ਜਾਵੇਗਾ | ਵਕਤਾਵਾਂ ਨੇ ਕਿਹਾ ਕਿ ਪਿੰਡ ਪੱਧਰ 'ਤੇ ਇਸ ਤਰ੍ਹਾਂ ਦੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਅਨੁਸ਼ਾਸਨ ਸਿਖਾਉਣ ਤੇ ਸਮਾਜਿਕ ਏਕਤਾ ਵਧਾਉਣ ਵਿਚ ਅਹਿਮ ਸਾਬਤ ਹੁੰਦੇ ਹਨ | ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਰਵਿੰਦਰ ਗਿੱਲ ਸੁੱਖਾ, ਹਰਵਿੰਦਰ ਰੀਹਲ ਅਤੇ ਹੋਰ ਸਾਥੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉੱਥੇ ਬਲਜੀਤ ਧੀਮਾਨ, ਕਿ੍ਸ਼ਨ ਕੁਮਾਰ, ਅਸ਼ਵਨੀ ਰਾਣਾ, ਯਾਦਵਿੰਦਰ ਸਿੰਘ, ਪਵਨ ਕੁਮਾਰ ਤੇ ਹੋਰ ਸਾਥੀ ਮੌਜੂਦ ਸਨ |