ਕਾਠਮੰਡੂ ਵਿਖੇ ਭਾਰਤੀ ਟੀਮ ਨੇ ਜਿੱਤਿਆ ਸੋਨ ਤਗ਼ਮਾ, ਯੁਵਰਾਜ ਠਾਕੁਰ ਨੂੰ ਮਿਲਿਆ ‘ਮੈਨ ਆਫ਼ ਦਾ ਮੈਚ’ ਦਾ ਖ਼ਿਤਾਬ
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਜੇ. ਐਸ.
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਜੇ. ਐਸ. ਨਿੱਕੂਵਾਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਹੋਣਹਾਰ ਕਬੱਡੀ ਖਿਡਾਰੀ ਯੁਵਰਾਜ ਠਾਕੁਰ ਨੇ ਕਾਠਮੰਡੂ, ਨਿਪਾਲ ਵਿਖੇ ਕਰਵਾਏ ਗਏ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਕਬੱਡੀ ਕੱਪ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿਚ ਭਾਰਤ ਨੇ ਸੋਨ ਤਗ਼ਮਾ ਜਿੱਤ ਕੇ ਪੂਰੀ ਦੁਨੀਆ ਦੇ ਵਿਚ ਦੇਸ਼ ਦਾ ਨਾਂਅ ਰੌਸ਼ਨ ਕੀਤਾ, ਜਦਕਿ ਯੁਵਰਾਜ ਠਾਕੁਰ ਨੇ ਆਪਣੇ ਵਧੀਆ ਖੇਡ ਪ੍ਰਦਰਸ਼ਨ ਸਦਕਾ ‘ਮੈਨ ਆਫ਼ ਦਾ ਮੈਚ’ ਦਾ ਵੱਕਾਰੀ ਖ਼ਿਤਾਬ ਹਾਸਿਲ ਕੀਤਾ ਹੈ। ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਤੇ ਅਜਿਹੇ ਵੱਕਾਰੀ ਖ਼ਿਤਾਬ ਹਾਸਲ ਕਰਨਾ ਕਿਸੇ ਵੀ ਖਿਡਾਰੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਯੁਵਰਾਜ ਦੀ ਇਹ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਮੌਕੇ ਉਨ੍ਹਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਜਗਵੰਤ ਸਿੰਘ ਤੇ ਕਬੱਡੀ ਕੋਚ ਗੁਰਦੇਵ ਸਿੰਘ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।