ਹੀਰਪੁਰ ਦੇ ਸ਼ਹੀਦ ਪਰਿਵਾਰ ਵਲੋਂ ਗੌਰਵ ਰਾਣਾ ਤੇ ਅਮਿਤੋਜ ਸਿੰਘ ਮਾਨ ਨੂੰ ਥਾਪੜਾ
ਕਾਹਨਪੁਰ ਖੂਹੀ, 26 ਨਵੰਬਰ (ਗੁਰਬੀਰ ਸਿੰਘ ਵਾਲੀਆ)-ਰੂਪਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਸਾਂਝੀਵਾਲਤਾ ਦਲ ਦੇ ਉਮੀਦਵਾਰ ਗੌਰਵ ਰਾਣਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਹੀਰਪੁਰ ਵਿਖੇ ਹੋਈ ਭਰਵੀਂ ਇਕੱਤਰਤਾ ਦੌਰਾਨ ਸ਼ਹੀਦ ਸੁਖਵਿੰਦਰ ਸਿੰਘ ਦੇ ਪਰਿਵਾਰ ਵਲੋਂ ਗੌਰਵ ਰਾਣਾ ਤੇ ਪਾਰਟੀ ਆਗੂ ਅਮਿਤੋਜ ਸਿੰਘ ਮਾਨ ਨੂੰ ਸਿਰੋਪਾਓ ਭੇਟ ਕਰਕੇ ਥਾਪੜਾ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਬਜ਼ੁਰਗਾਂ, ਮਾਤਾਵਾਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਕਾਹਨਪੁਰ ਖੂਹੀ, 26 ਨਵੰਬਰ (ਗੁਰਬੀਰ ਸਿੰਘ ਵਾਲੀਆ)-ਰੂਪਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਸਾਂਝੀਵਾਲਤਾ ਦਲ ਦੇ ਉਮੀਦਵਾਰ ਗੌਰਵ ਰਾਣਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਹੀਰਪੁਰ ਵਿਖੇ ਹੋਈ ਭਰਵੀਂ ਇਕੱਤਰਤਾ ਦੌਰਾਨ ਸ਼ਹੀਦ ਸੁਖਵਿੰਦਰ ਸਿੰਘ ਦੇ ਪਰਿਵਾਰ ਵਲੋਂ ਗੌਰਵ ਰਾਣਾ ਤੇ ਪਾਰਟੀ ਆਗੂ ਅਮਿਤੋਜ ਸਿੰਘ ਮਾਨ ਨੂੰ ਸਿਰੋਪਾਓ ਭੇਟ ਕਰਕੇ ਥਾਪੜਾ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਬਜ਼ੁਰਗਾਂ, ਮਾਤਾਵਾਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਗੌਰਵ ਰਾਣਾ ਤੇ ਅਮਿਤੋਜ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਰਵਾਸ ਕਰਨਾ ਹੈ। ਅੱਜ ਕਈ ਪਿੰਡਾਂ ਵਿਚ ਨੌਜਵਾਨਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਨੌਜਵਾਨਾਂ ਨੂੰ ਪੰਜਾਬ ਛੱਡਣ ਦਾ ਕਾਰਨ ਪੁੱਛਣ ’ਤੇ ਅਕਸਰ ਇੱਕੋ ਜਵਾਬ ਮਿਲਦਾ ਹੈ ਕਿ ਉੱਥੋਂ ਦਾ ਪ੍ਰਬੰਧ ਤੇ ਸਿਸਟਮ ਬਿਹਤਰ ਹੈ। ਗੌਰਵ ਰਾਣਾ ਨੇ ਕਿਹਾ ਕਿ ਕੁਦਰਤੀ ਸੋਮਿਆਂ ਅਤੇ ਅਨੁਕੂਲ ਮੌਸਮ ਨਾਲ ਭਰਪੂਰ ਪੰਜਾਬ ਦਾ ਸਿਸਟਮ ਮਾੜੀਆਂ ਨੀਤੀਆਂ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਨਾ ਕਰਨ ਤੇ ਸਰਕਾਰੀ ਨਾਕਾਮੀਆਂ ਕਾਰਨ ਖ਼ਰਾਬ ਹੋਇਆ ਹੈ। ਜੇਕਰ ਕਠਿਨ ਮੌਸਮੀ ਹਾਲਾਤ ਵਾਲੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਵਧੀਆ ਪ੍ਰਬੰਧ ਹੋ ਸਕਦੇ ਹਨ ਤਾਂ ਪੰਜਾਬ ਵਿਚ ਵੀ ਸਿਸਟਮ ਸੁਧਾਰਨਾ ਸਰਕਾਰਾਂ ਦਾ ਕੰਮ ਸੀ। ਇਸ ਮੌਕੇ ਹਰਪ੍ਰੀਤ ਸਿੰਘ ਭੱਟੋ ਨੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਵੀ ਆਗੂਆਂ ਸਾਹਮਣੇ ਰੱਖੀਆਂ। ਸਰਪੰਚ ਸ਼ਿੰਗਾਰਾ ਸਿੰਘ ਤੇ ਮੰਗਲ ਸਿੰਘ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸ਼ਿੰਗਾਰਾ ਸਿੰਘ, ਮੰਗਲ ਸਿੰਘ ਹੀਰਪੁਰ, ਬੀਬੀ ਰਜਿੰਦਰ ਕੌਰ ਨੰਬਰਦਾਰ, ਜਸਵੀਰ ਸਿੰਘ, ਸਤਨਾਮ ਸਿੰਘ, ਰਾਮ ਸਿੰਘ, ਸੁਰਿੰਦਰ ਸਿੰਘ ਫ਼ੌਜੀ ਤੇ ਪਿੰਡ ਦੀਆਂ ਔਰਤਾਂ ਤੇ ਬਜ਼ੁਰਗ ਤੇ ਨੌਜਵਾਨ ਹਾਜ਼ਰ ਸਨ।