ਭਰਤਗੜ੍ਹ, 26 ਫਰਵਰੀ (ਜਸਬੀਰ ਸਿੰਘ ਬਾਵਾ)-ਹੰਸਾਲੀਸਰ ਨਿਰਮਲ ਆਸ਼ਰਮ ਭਰਤਗੜ੍ਹ 'ਚ ਸਚਖੰਡਵਾਸੀ ਬ੍ਰਹਮ ਗਿ. ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੀ ਯਾਦ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕਰਵਾਉਣ ਮਗਰੋਂ ਮਨੁੱਖਤਾ ਦੀ ਭਲਾਈ ਲਈ ਖ਼ੂਨਦਾਨ ਕੈਂਪ ਅਤੇ ਅੱਖਾਂ ਦੇ ਰੋਗਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ | ਇਨ੍ਹਾਂ ਦੋਵੇਂ ਕੈਂਪਾਂ ਦਾ ਉਦਘਾਟਨ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ, ਬਾਬਾ ਦਲਵੀਰ ਸਿੰਘ ਲੱਖਮੀਪੁਰ, ਸਮਾਜ ਸੇਵੀ ਸੁਨੀਲ ਕੁਮਾਰ ਗਰਗ, ਅਮਰਜੀਤ ਸਿੰਘ ਸਿੱਧੂ, ਰਾਜ ਦਭੋਟਾ, ਰਜਿੰਦਰ ਸਿੰਘ ਗਰੇਵਾਲ, ਜਸਪਾਲ ਸਿੰਘ ਅਟਵਾਲ, ਨੰਬਰਦਾਰ ਉਜਾਗਰ ਸਿੰਘ ਨੇ ਕੀਤਾ | ਸ਼ਹੀਦ ਭਗਤ ਸਿੰਘ ਯੂਥ ਕਲੱਬ ਭਰਤਗੜ੍ਹ ਦੇ ਨੁਮਾਇੰਦਿਆਂ ਵਲੋਂ ਚੰਡੀਗੜ੍ਹ ਬਲੱਡ ਬੈਂਕ ਦੇ ਡਾ. ਰੌਲੀ ਅਗਰਵਾਲ ਦੀ ਅਗਵਾਈ 'ਚ ਲਗਾਏ ਖ਼ੂਨਦਾਨ ਕੈਂਪ ਦੌਰਾਨ ਸਬੰਧਿਤ ਟੀਮ ਵਲੋਂ ਕਰੀਬ 55 ਯੂਨਿਟ ਖ਼ੂਨ ਇਕੱਤਰ ਕੀਤਾ | ਮਿੱਤਲ ਆਈ ਕੇਅਰ ਸੈਂਟਰ ਨਾਲਾਗੜ੍ਹ ਦੇ ਮਾਹਿਰ ਡਾ. ਦਿਨਕਰ, ਡਾ. ਰਾਕੇਸ਼, ਵੀਨੂੰ ਅਤੇ ਦੇਵ ਰਾਣਾ ਦੀ ਵਿਸ਼ੇਸ਼ ਟੀਮ ਨੇ ਅੱਖਾਂ ਦੇ ਕੈਂਪ ਦੌਰਾਨ ਅੱਖਾਂ ਦੇ ਰੋਗਾਂ ਸਬੰਧੀ 95 ਵਿਅਕਤੀਆਂ ਦੀ ਜਾਂਚ ਕੀਤੀ, ਲੋੜਵੰਦਾਂ ਨੂੰ ਮੁਫ਼ਤ ਦਵਾਈ ਮੁਹੱਈਆ ਕੀਤੀ ਗਈ, ਮਾਹਿਰਾਂ ਨੇ ਦੱਸਿਆ ਕਿ 13 ਵਿਅਕਤੀਆਂ ਨੂੰ ਲੋੜੀਂਦੇ ਇਲਾਜ ਲਈ ਅਪ੍ਰੇਸ਼ਨ ਕਰਵਾਉਣ ਹਸਪਤਾਲ ਜਾਣ ਦੀ ਜ਼ਰੂਰਤ ਹੈ | ਪ੍ਰਬੰਧਕਾਂ ਨੇ ਧਾਰਮਿਕ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਰਾਣੀ ਪਲਵਿੰਦਰ ਕੌਰ, ਹਰਦੀਪ ਸਿੰਘ ਰੰਧਾਵਾ, ਇਕਬਾਲ ਸਿੰਘ ਗਿੱਲ, ਰਾਣਾ ਗੁਰਚਰਨ ਸਿੰਘ, ਮਨਜੀਤ ਸਿੰਘ ਭਾਓਵਾਲ, ਗੁਰਦੀਪ ਸਿੰਘ ਬਡਵਾਲ, ਗੁਰਦੇਵ ਸਿੰਘ ਖਾਲਸਾ, ਅਜੀਤਪਾਲ ਸਿੰਘ ਸਾਂਦਲ, ਫ਼ੌਜੀ ਸ਼ਿਵ ਰਾਮ ਦਭੋਟਾ, ਨੰਬਰਦਾਰ ਜਸਪਾਲ ਸਿੰਘ ਖਰੋਟਾ, ਦਾਨਿਸ਼ ਪੁਰੀ, ਗੁਰਚਰਨ ਸਿੰਘ ਸ਼ੌਂਕੀ ਤੇ ਗੁਰਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |