ਰੂਪਨਗਰ, 5 ਮਾਰਚ (ਸਤਨਾਮ ਸਿੰਘ ਸੱਤੀ)-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ) ਦੇ ਚਾਰ ਵਿਦਿਆਰਥੀਆਂ ਨੂੰ ਸਵੀਡਨ ਵਿਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਸ਼ਮੂਲੀਅਤ ਲਈ ਸੱਦਾ ਮਿਲਿਆ ਹੈ | ਸਾਸਾ ਸੰਸਾਰ ਦੇ ਉਨ੍ਹਾਂ 15 ਸਕੂਲਾਂ ਵਿਚੋਂ ਇੱਕ ਹੈ ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਇਸ ਕਾਨਫ਼ਰੰਸ ਵਿਚ ਭਾਗ ਲੈਣ ਲਈ ਚੁਣਿਆ ਗਿਆ ਹੈ | ਇਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਵਿਚ ਤਨਵੀਰ ਸਿੰਘ ਅਤੇ ਕਰਮਬੀਰ ਸਿੰਘ (ਗ੍ਰੇਡ ਨੌਵੀਂ) ਅਤੇ ਭਾਵਿਕਾ ਸੁਨੇਜਾ ਤੇ ਹਰਮਨ ਟੌਂਕ (ਗ੍ਰੇਡ ਗਿਆਰ੍ਹਵੀਂ) ਸ਼ਾਮਿਲ ਹਨ | ਇਹ ਵਿਦਿਆਰਥੀ ਯੂਨਾਈਟਿਡ ਨੇਸ਼ਨਜ਼ ਦੀ ਛਤਰ-ਛਾਇਆ ਹੇਠ ਹੋਣ ਵਾਲੀ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਭਾਗ ਲੈਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਸਾ ਦੇ ਫਾਊਾਡਰ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਾਸਾ ਭਾਰਤ ਦਾ ਇੱਕ ਅਜਿਹਾ ਸਕੂਲ ਹੈ, ਜਿਸ ਦੇ ਸੰਬੰਧ ਸੰਸਾਰ ਭਰ ਦੇ ਸਿੱਖਿਆ ਸੰਸਥਾਨਾਂ ਨਾਲ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਕੂਲ ਦੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ 'ਤੇ ਵਾਤਾਵਰਣ ਅਤੇ ਗਲੋਬਲ ਮੁੱਦਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਇੱਕ ਹਫ਼ਤਾ ਸਵੀਡਨ ਵਿਚ ਰਹਿਣਗੇ, ਜਿੱਥੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮਿਲ ਕੇ ''ਸਾਂਝ ਪਾਉਣਾ ਹੀ ਪਰਵਾਹ'' ਹੈ, ''ਆਰਥਿਕ ਉਤਾਰ-ਚੜ੍ਹਾਅ'' ਜੰਗਾਂ ਅਤੇ ਨਾਗਰਿਕਤਾ ਵਰਗੇ ਵਿਸ਼ਿਆਂ 'ਤੇ ਪੋਸਟਰ ਤਿਆਰ ਕਰਕੇ ਸੰਸਾਰ ਦੇ ਲੋਕਾਂ ਨੂੰ ਸੰਦੇਸ਼ ਦੇਣਗੇ ਕਿ ਪੈਸੇ ਦੀ ਦੌੜ ਵਿਚ ਪੈ ਕੇ ਧਰਤੀ ਦੀ ਸੁੰਦਰਤਾ ਅਤੇ ਸੰਸਾਧਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ | ਕਾਨਫ਼ਰੰਸ ਦੌਰਾਨ ਵਿਦਿਆਰਥੀ ਇੱਕ ਦਿਨ ਸਵੀਡਨ ਦੀ ਰਾਜਧਾਨੀ ਸਟਾਕ ਹੋਮ ਵਿਚ ਵੀ ਬਿਤਾਉਣਗੇ, ਜਿੱਥੇ ਉਹ ਨੋਬਲ ਪੁਰਸਕਾਰ ਮਿਊਜ਼ੀਅਮ ਅਤੇ ਹੋਰ ਇਤਿਹਾਸਕ ਸਮਾਰਕਾਂ ਦਾ ਦੌਰਾ ਕਰਨਗੇ |