ਸ੍ਰੀ ਚਮਕੌਰ ਸਾਹਿਬ, 5 ਮਾਰਚ (ਜਗਮੋਹਣ ਸਿੰਘ ਨਾਰੰਗ)-ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਅਗਵਾਈ ਵਿਚ ਲੇਬਰ ਚੌਂਕ ਵਿਖੇ ਅਮਰੀਕਾ ਇਜ਼ਰਾਈਲ ਦੁਆਰਾ ਇਰਾਨ ਉੱਪਰ ਕੀਤੇ ਹਮਲੇ ਵਿਰੁੱਧ ਅਤੇ ਚਾਰ ਲੇਬਰ ਕੋਡਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੀਮਰੂ, ਸਲਾਹਕਾਰ ਮਲਾਗਰ ਸਿੰਘ ਨੇ ਕਿਹਾ ਕਿ ਅਮਰੀਕਾ ਸਾਮਰਾਜ ਆਪਣੀ ਸੰਸਾਰ ਚੌਧਰ ਕਾਇਮ ਕਰਨ ਲਈ ਵੱਖਰੇ ਵੱਖਰੇ ਮੁਲਕਾਂ ਨੂੰ ਡਰਾਉਣ, ਧਮਕਾਉਣ, ਉਥੋਂ ਦੀਆਂ ਚੁਣੀਆਂ ਸਰਕਾਰਾਂ ਦੇ ਤਖਤੇ ਪਲਟਣ ਅਤੇ ਆਪਣੀਆਂ ਪਿੱਠੂ ਸਰਕਾਰਾਂ ਬਣਾਉਣ ਦੀ ਮੁਹਿੰਮ ਵਿਚ ਜੁਟਿਆ ਹੋਇਆ ਹੈ | ਇਨ੍ਹਾਂ ਮੁਲਕਾਂ ਦੇ ਮਾਲ ਖਜ਼ਾਨਿਆਂ 'ਤੇ ਸਿੱਧਾ ਕੰਟਰੋਲ ਕਰਨ ਲਈ ਦੁਨੀਆਂ ਨੂੰ ਨਹੱਕੀ ਜੰਗ ਵੱਲ ਧੱਕ ਰਿਹਾ ਹੈ | ਇਸ ਨਹੱਕੀ ਜੰਗ ਵਿਚ ਜਿੱਥੇ ਸਾਮਰਾਜੀ ਮੁਲਕ ਹਥਿਆਰਾਂ ਦਾ ਵਪਾਰ ਕਰਦੇ ਹਨ, ਉੱਥੇ ਹੀ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ, ਅਮਰੀਕਾ ਦੇ ਇਸ ਇਰਾਕ ਹਮਲੇ ਵਿਚ ਸੈਂਕੜੇ ਸਕੂਲੀ ਬੱਚੀਆਂ ਨੂੰ ਬੰਬਾਂ ਨਾਲ ਉਡਾਅ ਦਿੱਤਾ ਗਿਆ ਹੈ, ਇਹਨਾਂ ਕਿਹਾ ਕਿ ਇਸ ਨਹੱਕੀ ਜੰਗ ਨਾਲ ਜਿੱਥੇ ਕਾਲਾ ਬਾਜ਼ਾਰੀ ਵਿਚ ਵਾਧਾ ਹੋਵੇਗਾ, ਉੱਥੇ ਹੀ ਤੇਲ ਮਹਿੰਗਾ ਹੋਵੇਗਾ, ਜਿਸ ਨਾਲ ਮਨੁੱਖੀ ਲੋੜਾਂ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਣਗੀਆਂ ਅਤੇ ਮਹਿੰਗਾਈ ਬੇਕਾਬੂ ਹੋ ਜਾਵੇਗੀ , ਜਿਸ ਦੀ ਮਾਰ ਸਮੁੱਚੀ ਮਿਹਨਤਕਸ਼ ਜਮਾਤ ਤੇ ਪਵੇਗੀ, ਇਹਨਾਂ ਕਿਹਾ ਕਿ ਸਰਮਾਏਦਾਰਾਂ ਦੇ ਮੁਨਾਫਿਆਂ ਖਾਤਰ ਹੀ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਡਾਂ ਵਿਚ ਤਬਦੀਲ ਕੀਤਾ ਗਿਆ ਹੈ, ਇਹਨਾਂ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਨਹੱਕੀ ਜੰਗ ਦਾ ਡੱਟ ਕੇ ਵਿਰੋਧ ਕਰਨ | ਇਸ ਮੌਕੇ ਰਮੇਸ਼ ਕੁਮਾਰ ਕਾਕਾ, ਦਲਜੀਤ ਸਿੰਘ ਬਿੱਟੂ, ਜਰਮੀਤ ਸਿੰਘ, ਗੁਲਾਬ ਚੰਦ ਚੌਹਾਨ, ਅੰਗਰੇਜ਼ ਸਿੰਘ ਗੁਰਮੇਲ ਸਿੰਘ, ਅਜੈਬ ਸਿੰਘ ਸਮਾਣਾ ਆਦਿ ਹਾਜ਼ਰ ਸਨ |