ਸ੍ਰੀ ਅਨੰਦਪੁਰ ਸਾਹਿਬ, 8 ਮਾਰਚ (ਕਰਨੈਲ ਸਿੰਘ)- ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਪੰਜਾਬ ਬਜਟ 2026-27 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦਾ ਖ਼ਾਸ ਤੌਰ 'ਤੇ ਜ਼ਿਕਰ ਹੋਇਆ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਬਜਟ ਵਿਚ ਇਲਾਕੇ ਦੇ ਸਮੁੱਚੇ ਵਿਕਾਸ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਗਏ ਹਨ | ਬਜਟ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਯਾਦ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ | ਪੰਜਾਬ ਸਰਕਾਰ ਵਲੋਂ ਬਜਟ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ | ਇਸ ਤਹਿਤ ਇੱਥੇ ਜੱਚਾ-ਬੱਚਾ ਕੇਂਦਰ ਦੇ ਨਾਲ ਟਰੋਮਾ ਸੈਂਟਰ ਬਣਾਇਆ ਜਾਵੇਗਾ, ਜਿਸ ਨਾਲ ਸੜਕ ਹਾਦਸਿਆਂ ਜਾਂ ਹੋਰ ਐਮਰਜੈਂਸੀ ਹਾਲਾਤਾਂ ਵਿਚ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇਗਾ | ਬਜਟ ਵਿਚ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਇੱਕ ਨਵਾਂ ਪ੍ਰਸ਼ਾਸਕੀ ਕੰਪਲੈਕਸ ਬਣਾਇਆ ਜਾਵੇਗਾ, ਜੋ ਵਿਰਾਸਤੀ ਆਰਕੀਟੈਕਚਰ ਸ਼ੈਲੀ ਵਿਚ ਤਿਆਰ ਕੀਤਾ ਜਾਵੇਗਾ | ਇਸ ਕੰਪਲੈਕਸ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫ਼ਤਰ ਇੱਕੋ ਛੱਤ ਹੇਠ ਹੋਣਗੇ | ਡਾ.ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਰੂਪਨਗਰ ਆਮ ਆਦਮੀ ਪਾਰਟੀ, ਕਮਿੱਕਰ ਸਿੰਘ ਡਾਢੀ ਹਲਕਾ ਸੰਗਠਨ ਇੰਚਾਰਜ, ਜਸਪਾਲ ਸਿੰਘ ਢਾਹੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਬਲਾਕ ਸੰਮਤੀ ਚੇਅਰਪਰਸਨ ਮਮਤਾ ਰਾਣੀ, ਉਪ ਚੇਅਰਪਰਸਨ ਸੀਮਾ ਦੇਵੀ, ਰਾਕੇਸ਼ ਕੁਮਾਰ ਮਹਿਲਾਵਾਂ ਚੇਅਰਮੈਨ, ਸੋਹਣ ਸਿੰਘ ਨਿੱਕੂਵਾਲ, ਸਰਪੰਚ ਅਵਤਾਰ ਸਿੰਘ ਫੱਲੀ ਵੱਲੋਂ ਇਸ ਬਜਟ ਦਾ ਸਵਾਗਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਹਰ ਪੱਧਰ ਤੇ ਵਿਕਾਸ ਕੀਤਾ ਗਿਆ ਹੈ |
ਬਜਟ ਸੈਸ਼ਨ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦਾ ਰਿਹਾ ਖ਼ਾਸ ਬੋਲਬਾਲਾ
ਅਜੀਤ ਡੈਸਕ
09-03-2026