• ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਨਮਾਨਿਤ
ਰੂਪਨਗਰ/ਨੂਰਪੁਰ ਬੇਦੀ, 8 ਮਾਰਚ (ਸਤਨਾਮ ਸਿੰਘ ਸੱਤੀ, ਵਿੰਦਰਪਾਲ ਝਾਂਡੀਆਂ)-ਥਾਣਾ ਸਿਟੀ ਰੂਪਨਗਰ ਅਤੇ ਨੂਰਪੁਰ ਬੇਦੀ ਦੇ ਰਹਿ ਚੁੱਕੇ ਐਸ.ਐਚ.ਓ. ਇੰਸਪੈਕਟਰ ਚੌਧਰੀ ਰਾਜੀਵ ਕੁਮਾਰ ਬਜਾੜ ਦੀ ਹੋਣਹਾਰ ਧੀ ਕਰਿਤਕਾ ਚੌਧਰੀ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਵਿਚ ਆਲ ਇੰਡੀਆ ਪੱਧਰ 'ਤੇ 312ਵਾਂ ਰੈਂਕ ਹਾਸਲ ਕਰਕੇ ਆਪਣੇ ਇਲਾਕੇ, ਮਾਤਾ-ਪਿਤਾ, ਸੂਬੇ ਅਤੇ ਗੁੱਜਰ ਸਮਾਜ ਦਾ ਨਾਮ ਦੇਸ਼ ਭਰ 'ਚ ਰੌਸ਼ਨ ਕੀਤਾ ਹੈ | ਇਸ ਮਾਣਮੱਤੀ ਪ੍ਰਾਪਤੀ ਨਾਲ ਕੰਢੀ, ਦੂਣੀ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਕਰਿਤਕਾ ਚੌਧਰੀ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇੰਸਪੈਕਟਰ ਰਾਜੀਵ ਬਜਾੜ ਨੇ ਦੱਸਿਆ ਕਿ ਇੱਕ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਰਿਤਕਾ ਚੌਧਰੀ ਦਾ ਸਨਮਾਨ ਕੀਤਾ ਅਤੇ ਉਸਦੀ ਮਿਹਨਤ ਦੀ ਸਰਾਹਨਾ ਕੀਤੀ | ਕਰਿਤਕਾ ਨੇ ਆਪਣੀ ਸਫਲਤਾ ਦਾ ਸਿਹਰਾ ਮਾਤਾ-ਪਿਤਾ, ਰਿਸ਼ਤੇਦਾਰਾਂ ਅਤੇ ਆਪਣੇ ਸਵੈ ਵਿਸ਼ਵਾਸ ਨੂੰ ਦਿੱਤਾ | ਉਸਨੇ ਦੱਸਿਆ ਕਿ ਯੂ.ਪੀ.ਐੱਸ.ਸੀ. ਦਾ ਇਹ ਉਸ ਦਾ ਦੂਜਾ ਯਤਨ ਸੀ | ਪਹਿਲੀ ਵਾਰ ਉਹ ਸਿਰਫ਼ 2.5 ਅੰਕਾਂ ਨਾਲ ਰਹਿ ਗਈ ਸੀ, ਪਰ ਪਿਤਾ ਦੀ ਪ੍ਰੇਰਣਾ ਨਾਲ ਉਸਨੇ ਰੋਜ਼ਾਨਾ 9-10 ਘੰਟੇ ਪੜ੍ਹਾਈ ਕਰਕੇ ਆਪਣਾ ਸੁਪਨਾ ਪੂਰਾ ਕੀਤਾ | ਕਰਿਤਕਾ ਨੇ ਦਸਵੀਂ ਅਤੇ ਬਾਰ੍ਹਵੀਂ ਵਿਚ ਨਾਰਥ ਜੋਨ ਵਿਚ ਟਾਪ ਕੀਤਾ ਅਤੇ ਲੇਡੀ ਸ੍ਰੀ ਰਾਮ ਕਾਲਜ ਦਿੱਲੀ ਤੋਂ ਗਰੈਜੂਏਸ਼ਨ ਅਤੇ ਦਿੱਲੀ ਯੂਨੀਵਰਸਿਟੀ ਤੋਂ ਐਮ.ਐਸ.ਸੀ. ਸਾਇਕੋਲੋਜੀ ਗੋਲਡ ਮੈਡਲ ਨਾਲ ਕੀਤੀ | ਕਰਿਤਕਾ ਚੌਧਰੀ ਪੰਜਾਬ ਦੇ ਗੁੱਜਰ ਸਮਾਜ ਦੀ ਪਹਿਲੀ ਬੇਟੀ ਹੈ, ਜਿਸਨੇ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕਰਕੇ ਨਵਾਂ ਇਤਿਹਾਸ ਰਚਿਆ ਹੈ |
ਕਰਿਤਕਾ ਚੌਧਰੀ ਨੇ ਯੂ.ਪੀ.ਐੱਸ.ਸੀ. 'ਚ 312ਵਾਂ ਰੈਂਕ ਹਾਸਿਲ ਕਰਕੇ ਰਚਿਆ ਇਤਿਹਾਸ
ਅਜੀਤ ਡੈਸਕ
09-03-2026