ਪਟਿਆਲਾ, 8 ਮਾਰਚ (ਧਰਮਿੰਦਰ ਸਿੰਘ ਸਿੱਧੂ)-ਅਮਰੀਕਾ, ਇਜ਼ਰਾਇਲ ਦੀ ਈਰਾਨ ਨਾਲ ਚੱਲ ਰਹੀ ਜੰਗ ਕਾਰਨ ਮਾਰਚ ਮਹੀਨੇ ਦੇ ਚੜ੍ਹਦੇ ਸਾਰ ਹੀ ਪੱਛਮੀ ਏਸ਼ੀਆ ਨਾਲ ਸੰਬੰਧਿਤ ਹਵਾਈ ਜਹਾਜ਼ ਰੂਟ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਏ ਹਨ | ਇਸ ਨਾਲ ਜਿਥੇ ਖਾੜੀ ਦੇਸ਼ਾਂ ਦੇ ਨਾਲ ਸੰਬੰਧਿਤ ਦੇਸ਼ਾਂ ਦਾ ਹਵਾਈ ਸਫ਼ਰ ਮਹਿੰਗਾ ਹੋਇਆ ਹੈ ਉਥੇ ਹੀ ਵੱਡੇ ਪੱਧਰ 'ਤੇ ਏਅਰਲਾਈਨਾਂ ਵਲੋਂ ਫਲਾਈਟਾਂ ਰੱਦ ਕਰਨ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਹੁਤੇ ਦੇਸ਼ਾਂ ਜਿਵੇਂ ਕਿ ਈਰਾਨ, ਇਜ਼ਰਾਇਲ, ਕਤਰ, ਕੁਵੈਤ, ਇਰਾਕ, ਯੂ.ਏ.ਈ., ਬਹਿਰੀਨ ਨੇ ਸੁਰੱਖਿਆ ਦੇ ਚੱਲਦਿਆਂ ਆਪਣੇ ਹਵਾਈ ਰਸਤੇ (ਏਅਰ ਸਪੇਸ) ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਹਜ਼ਾਰਾਂ ਫਲਾਈਟਾਂ ਰੱਦ ਹੋ ਗਈਆਂ ਹਨ ਅਤੇ ਵੱਡੀ ਗਿਣਤੀ ਯਾਤਰੀ ਵੱਖ-ਵੱਖ ਹਵਾਈ ਅੱਡਿਆਂ 'ਤੇ ਫਸੇ ਹੋਏ ਹਨ | ਟਿਕਟਾਂ ਦੇ ਵਧਦੇ ਰੇਟ ਦਾ ਮੁੱਖ ਕਾਰਨ ਜਿਥੇ ਜਹਾਜ਼ਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ ਉੱਥੇ ਹੀ ਲੰਮੇ ਰੂਟ 'ਤੇ ਉਡਣ ਕਾਰਨ ਉਨ੍ਹਾਂ ਦਾ ਈਧਨ ਵੀ ਜ਼ਿਆਦਾ ਖਰਚ ਹੋ ਰਿਹਾ ਹੈ | ਦੁਬਈ ਵਰਗੇ ਵੱਡੇ ਹਵਾਈ ਅੱਡੇ ਸਮੇਤ ਨੇੜਲੇ ਹੋਰ ਖਾੜੀ ਦੇਸ਼ਾਂ ਦੇ ਏਅਰਪੋਰਟਾਂ ਕਾਰਨ ਜਿਥੇ ਦੁਨੀਆ ਵਿਚ ਬਹੁਤੇ ਦੇਸ਼ਾਂ ਨੂੰ ਜਾਣ ਜਾਂ ਆਉਣ ਲਈ ਏਅਰਲਾਈਨਜ਼ ਵਲੋਂ ਠਹਿਰਾਅ ਅਤੇ ਜਹਾਜ਼ ਬਦਲਿਆ ਜਾਂਦਾ ਹੈ ਉਸੇ ਤਰ੍ਹਾਂ ਪੱਛਮੀ ਏਸ਼ੀਆ ਦੇ ਸਾਊਦੀ ਦੇਸ਼ਾਂ ਉਪਰ ਦੀ ਜਹਾਜ਼ਾਂ ਦੇ ਰੂਟ ਵੀ ਨਿਰੰਤਰ ਚੱਲਦੇ ਰਹਿੰਦੇ ਹਨ ਜੋ ਹੁਣ ਜੰਗ ਕਾਰਨ ਲਗਪਗ ਨਾਹ ਦੇ ਬਰਾਬਰ ਹੀ ਚੱਲ ਰਹੇ ਹਨ | ਜੰਗ ਦੇ ਲੰਮਾ ਚੱਲਣ ਨਾਲ ਜੇਕਰ ਹਾਲਾਤ ਇਹੀ ਰਹੇ ਤਾਂ ਜਿਥੇ ਹਵਾਈ ਸਫ਼ਰ ਹੋਰ ਮਹਿੰਗਾ ਹੋਵੇਗਾ ਉੱਥੇ ਹੀ ਜ਼ਰੂਰੀ ਸਫ਼ਰ ਕਰਨ ਵਾਲੇ ਹਵਾਈ ਯਾਤਰੀ ਰੇਟ ਤੋਂ ਦੁਗਣੀ ਤਿਗਣੀ ਟਿਕਟ ਲੈ ਕੇ ਸਫ਼ਰ ਕਰ ਸਕਣਗੇ | ਮਿਲੀ ਜਾਣਕਾਰੀ ਅਨੁਸਾਰ ਏਅਰਲਾਈਨਜ਼ ਵਲੋਂ ਗਾਹਕਾਂ ਦੀਆਂ ਟਿਕਟਾਂ ਦੇ ਰਿਫੰਡ ਨੂੰ ਲੈ ਕੇ ਜੰਗ ਦੇ ਮੁੱਕਣ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਵੱਡੇ ਪੱਧਰ 'ਤੇ ਜਿਥੇ ਯਾਤਰੀਆਂ ਵਲੋਂ ਸਫ਼ਰ ਨੂੰ ਰੱਦ ਕੀਤਾ ਗਿਆ ਹੈ ਉੱਥੇ ਹੀ ਉਨ੍ਹਾਂ ਵਲੋਂ ਆਪਣੀਆਂ ਟਿਕਟਾਂ ਦੇ ਰਿਫੰਡ ਲਈ ਏਅਰਲਾਈਨਜ਼ ਕੋਲ ਪਹੁੰਚ ਕੀਤੀ ਜਾ ਰਹੀ ਹੈ |
ਪੱਛਮੀ ਏਸ਼ੀਆ 'ਚ ਚਲਦੀ ਜੰਗ ਕਾਰਨ ਹਵਾਈ ਸਫ਼ਰ ਹੋਇਆ ਮਹਿੰਗਾ <br/>
ਅਜੀਤ ਡੈਸਕ
09-03-2026