ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ
ਅਜੀਤ ਡੈਸਕ
09-03-2026
• ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਹਿਮਾਚਲ ਦੇ ਊਨਾ 'ਚ ਜ਼ਿਲ੍ਹਾ ਪੱਧਰੀ ਸਮਾਗਮ-ਸੰਤੋਖਗੜ੍ਹ, (ਧਰਮ ਪਾਲ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਦੀ ਅਗਵਾਈ ਹੇਠ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਊਨਾ ਦੀ ਸਕੱਤਰ ਅਨੀਤਾ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਕਿਹਾ ਕਿ ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਨੂੰ ਸਨਮਾਨ ਮੌਕੇ ਦੇਣਾ ਸਮੇ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਜਦੋਂ ਧੀਆਂ ਸਿੱਖਿਅਤ ਅਤੇ ਸਸ਼ਕਤ ਹੁੰਦੀਆਂ ਹਨ ਤਾਂ ਪੂਰਾ ਸਮਾਜ ਤਰੱਕੀ ਕਰਦਾ ਹੈ | ਉਨ੍ਹਾਂ ਨੇ Tਧੀ ਬਚਾਓ, ਧੀ ਨੂੰ ਪੜ੍ਹਾਓU ਮੁਹਿੰਮ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ | ਅਨੀਤਾ ਸ਼ਰਮਾ ਨੇ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਾਨੂੰਨੀ ਸਹਾਇਤਾ, ਸਮਾਨਤਾ ਦੇ ਅਧਿਕਾਰ ਅਤੇ ਮਹਿਲਾਵਾਂ ਦੀ ਸੁਰੱਖਿਆ ਨਾਲ ਸਬੰਧਿਤ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ | ਆਯੂਸ਼ ਵਿਭਾਗ ਦੇ ਡਾ. ਇੰਦੂ ਭਾਰਦਵਾਜ ਨੇ ਮਹਿਲਾਵਾਂ ਦੀ ਸਿਹਤ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ 'ਤੇ ਚਾਨਣ ਪਾਇਆ | ਇਸ ਤੋਂ ਪਹਿਲਾਂ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਸ਼ਿਵ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਹਰੀਸ਼ ਮਿਸ਼ਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਦੌਰਾਨ ਆਂਗਣਵਾੜੀ ਵਰਕਰਾਂ ਵਲੋਂ Tਬੇਟੀ ਬਚਾਓ-ਬੇਟੀ ਪੜ੍ਹਾਓUਵਿਸ਼ੇ 'ਤੇ ਸਕਿੱਟ, ਮਾਡਲਿੰਗ ਅਤੇ ਸਭਿਆਚਾਰਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ | ਨਾਲ ਹੀ ਪੋਸ਼ਣ ਮੁਹਿੰਮ ਤਹਿਤ ਤਿੰਨ ਬੱਚਿਆਂ ਦਾ ਅੰਨਪ੍ਰਾਸ਼ਨ ਅਤੇ ਤਿੰਨ ਗਰਭਵਤੀ ਮਹਿਲਾਵਾਂ ਦਾ ਬੇਬੀ ਸ਼ਾਵਰ ਸਮਾਰੋਹ ਵੀ ਕਰਵਾਇਆ ਗਿਆ | ਸਮਾਗਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਕਮਲਦੀਪ ਸਿੰਘ, ਵਿਭਾਗੀ ਅਧਿਕਾਰੀ, ਬਲਾਕਾਂ ਦੇ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਵੀ ਮੌਜੂਦ ਸਨ |
• ਕੌਮਾਂਤਰੀ ਮਹਿਲਾ ਦਿਵਸ ਮੌਕੇ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ-ਬੇਲਾ, (ਮਨਜੀਤ ਸਿੰਘ ਸੈਣੀ)-ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਗ੍ਰਾਮ ਪੰਚਾਇਤ ਭਲਿਆਣ ਵਲੋਂ ਪਿੰਡ ਦੀਆਂ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਹਾਰਾਣੀ ਜਿੰਦ ਕੌਰ ਪਾਰਕ ਭਲਿਆਣ ਵਿਚ ਇੱਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪਿੰਡ ਦੀਆਂ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੀ ਅਗਵਾਈ ਸਰਪੰਚ ਸਤਵੀਰ ਸਿੰਘ ਸੱਤੀ ਵਲੋਂ ਕੀਤੀ ਗਈ | ਆਪਣੇ ਸੰਬੋਧਨ ਵਿਚ ਸਰਪੰਚ ਸ. ਸੱਤੀ ਨੇ ਕਿਹਾ ਕਿ ਮਹਿਲਾਵਾਂ ਸਮਾਜ ਦੀ ਤਰੱਕੀ ਦੀ ਮਜ਼ਬੂਤ ਨੀਂਹ ਹਨ ਅਤੇ ਹਰ ਖੇਤਰ ਵਿਚ ਮਹਿਲਾਵਾਂ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ | ਸਰਪੰਚ ਸਤਵੀਰ ਸਿੰਘ ਸੱਤੀ ਨੇ ਕਿਹਾ ਕਿ ਪਿੰਡ ਦੀਆਂ ਮਹਿਲਾਵਾਂ ਨਾ ਸਿਰਫ਼ ਘਰ ਦੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ ਬਲਕਿ ਖੇਤੀਬਾੜੀ, ਕਾਰੋਬਾਰ ਅਤੇ ਸੇਵਾਵਾਂ ਦੇ ਖੇਤਰ ਵਿਚ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ | ਪੰਚਾਇਤ ਵਲੋਂ ਉਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਵੱਖ-ਵੱਖ ਖੇਤਰਾਂ ਵਿਚ ਮਿਹਨਤ ਅਤੇ ਸਮਰਪਣ ਨਾਲ ਕੰਮ ਕਰ ਰਹੀਆਂ ਹਨ | ਇਸ ਮੌਕੇ ਖ਼ੁਸ਼ਹਾਲ ਕੌਰ ਨੂੰ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ, ਜਸਵੀਰ ਕੌਰ ਨੂੰ ਡਿਜੀਟਲ ਅਤੇ ਆਨਲਾਈਨ ਕਾਰੋਬਾਰ, ਸੁਰਿੰਦਰ ਕੌਰ ਨੂੰ ਸਿਹਤ ਅਤੇ ਫਿਟਨੈੱਸ ਸੇਵਾਵਾਂ, ਅਸਮਿਤਾ ਵਾਚੇ ਨੂੰ ਖੇਡ ਖੇਤਰਾਂ ਵਿਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਪੰਚਾਇਤ ਮੈਂਬਰ ਨਰਿੰਦਰ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਹਰਜੀਤ ਕੌਰ, ਸੁਰਿੰਦਰ ਕੌਰ, ਕਮਲਪ੍ਰੀਤ ਕੌਰ ਅਤੇ ਪਿੰਡ ਵਾਸੀ ਬਹਾਦਰ ਸਿੰਘ, ਇਕਬਾਲ ਸਿੰਘ ਰਾਣਾ, ਜਸਵੀਰ ਸਿੰਘ ਸੋਨੂੰ, ਨਸੀਬ ਸਿੰਘ, ਸੁਖਵਿੰਦਰ ਸਿੰਘ, ਪਦਮ ਵਾਚੇ, ਦਵਿੰਦਰ ਸਿੰਘ ਗੋਲੂ, ਜਗਜੀਤ ਸਿੰਘ, ਮਨਪ੍ਰੀਤ ਸਿੰਘ, ਜਸਨੂਰ ਸਿੰਘ, ਹਰਜੀਤ ਕੌਰ, ਰਮਨਜੀਤ ਕੌਰ, ਇੰਦਰਜੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ |