ਸ੍ਰੀ ਅਨੰਦਪੁਰ ਸਾਹਿਬ, 8 ਮਾਰਚ (ਜੇ ਐਸ ਨਿੱਕੂਵਾਲ)-ਭਾਜਪਾ ਦੇ ਸਾਬਕਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚਾਰ ਸਾਲ ਪਹਿਲਾਂ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਹਰ ਔਰਤ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰੰਤੂ ਇਹ ਐਲਾਨ ਸਿਰਫ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ ਅਤੇ ਸਰਕਾਰ ਨੇ ਇਹ ਯੋਜਨਾ ਅਗਸਤ ਮਹੀਨੇ ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਹੈ | ਇਸ ਨਾਲ ਔਰਤਾਂ ਨੂੰ ਸਿਰਫ਼ ਦੋ ਜਾਂ ਤਿੰਨ ਮਹੀਨੇ ਹੀ ਇਹ ਰਕਮ ਮਿਲੇਗੀ | ਉਨ੍ਹਾਂ ਕਿਹਾ ਕਿ ਜੇ ਸਰਕਾਰ ਸੱਚਮੁੱਚ ਔਰਤਾਂ ਲਈ ਕੰਮ ਕਰਨਾ ਚਾਹੁੰਦੀ ਹੈ ਤਾਂ ਹਰ ਔਰਤ ਦੇ ਖਾਤੇ ਵਿਚ ਪਿਛਲੇ ਚਾਰ ਸਾਲਾਂ ਦੇ ਕਰੀਬ 60 ਹਜ਼ਾਰ ਰੁਪਏ ਜਮਾਂ ਕਰਵਾਏ ਜਾਣ | ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰ ਹਾਜ਼ਰ ਸਨ |