ਰੂਪਨਗਰ, 9 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਅੱਜ 10 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਕੈਂਪ ਵਿਚ ਆਦਿਤਿਆ ਬਿਰਲਾ ਕੈਪੀਟਲ ਲਿਮਟਿਡ ਕੰਪਨੀ ਵਲੋਂ ਵੱਖ-ਵੱਖ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਇਸ ਕੈਂਪ ਵਿਚ ਰੈਗੂਲਰ ਅਤੇ ਫੁੱਲ ਟਾਈਮ ਰੋਲ ਦੋਵੇਂ ਤਰ੍ਹਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ | ਕੰਪਨੀ ਵਲੋਂ ਏਜੰਸੀ ਮੈਨੇਜਰ (ਦਫ਼ਤਰ ਵਿਚ ਬੈਠਣ ਵਾਲੀ ਨੌਕਰੀ) ਦੀਆਂ 13 ਅਤੇ ਕਾਰਜਕਾਰੀ ਸ਼ਾਖਾ ਰਿਲੇਸ਼ਨਸ਼ਿਪ ਅਫਸਰ ਦੀਆਂ 11 ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਗ੍ਰੈਜੂਏਸ਼ਨ ਪਾਸ ਉਮੀਦਵਾਰ ਇੰਟਰਵਿਊ ਦੇ ਸਕਦੇ ਹਨ | ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 3.5 ਲੱਖ ਸਾਲਾਨਾ ਪ੍ਰੋਤਸਾਹਨ ਮਿਲੇਗਾ | ਉਮੀਦਵਾਰ ਦੀ ਉਮਰ ਸੀਮਾ 18 ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ | ਨੌਕਰੀ ਕਰਨ ਦਾ ਸਥਾਨ ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ, ਮੋਹਾਲੀ ਅਤੇ ਚੰਡੀਗੜ੍ਹ ਟਰਾਈਸਿਟੀ ਹੈ | ਇਸ ਕੈਂਪ ਵਿਚ ਪੁਰਸ਼ ਅਤੇ ਔਰਤਾਂ ਦੋਵੇਂ ਇੰਟਰਵਿਊ ਲਈ ਆ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਹੈ | ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 01881-222104 'ਤੇ ਸੰਪਰਕ ਕੀਤਾ ਜਾ ਸਕਦਾ ਹੈ |