ਨੂਰਪੁਰ ਬੇਦੀ, 11 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਕੇਂਦਰ ਸਰਕਾਰ ਵਲੋਂ ਜ਼ਰੂਰੀ ਸੇਵਾਵਾਂ ਕਾਇਮ ਰੱਖਣ ਸਬੰਧੀ ਐਸਮਾ ਲਾਗੂ ਕੀਤਾ ਗਿਆ ਸੀ | ਪਰ ਅੱਜ ਨੂਰਪੁਰਬੇਦੀ ਸਥਿਤ ਦੋਵੇਂ ਗੈਸ ਏਜੰਸੀਆਂ ਤੋਂ ਇਕ ਵੀ ਗੈਸ ਦਾ ਸਿਲੰਡਰ ਡਲਿਵਰ ਨਾ ਕੀਤੇ ਜਾਣ ਕਾਰਨ ਬਲਾਕ ਦੇ ਘਰੇਲੂ ਤੇ ਵਪਾਰੀ ਵਰਗ ਨਾਲ ਸੰਬੰਧਿਤ ਸੈਂਕੜੇ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ | ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਕੇਂਦਰ ਵੱਲੋਂ ਲਾਗੂ ਕੀਤਾ ਗਿਆ ਐਸਮਾ ਐਕਟ ਬੇਅਸਰ ਦਿਖਾਈ ਦਿੱਤਾ | ਇਸ ਦੌਰਾਨ ਇਕ ਗੈਸ ਏਜੰਸੀ ਤੋਂ ਅੱਜ ਜਦਕਿ ਦੂਸਰੀ ਗੈਸ ਏਜੰਸੀ ਵੱਲੋਂ 2 ਦਿਨਾਂ ਤੋਂ ਇਕ ਵੀ ਸਿਲੰਡਰ ਡਿਲਿਵਰ ਨਹੀਂ ਕੀਤਾ ਗਿਆ | ਇਸ ਸਬੰਧੀ ਖਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ 2 ਦਿਨਾਂ ਤੋਂ ਗੈਸ ਸਿਲੰਡਰਾਂ ਦੀ ਬੁਕਿੰਗ ਕੀਤੀ ਹੋਈ ਹੈ | ਮਗਰ ਇਸਦੇ ਬਾਵਜੂਦ ਉਨ੍ਹਾਂ ਨੂੰ ਰਸੋਈ ਗੈਸ ਉਪਲਬਧ ਨਹੀਂ ਹੋ ਰਹੀ ਹੈ | ਜਿਸ ਸਬੰਧੀ ਏਜੰਸੀ ਵਾਲੇ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਦੇ ਰਹੇ | ਇਸੀ ਪ੍ਰਕਾਰ ਕੁਝ ਹੋਟਲ ਕਾਰੋਬਾਰੀਆਂ ਨੇ ਵੀ ਦੱਸਿਆ ਕਿ ਰਸੋਈ ਗੈਸ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ | ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਵਿਖੇ ਭਾਰਤ ਗੈਸ ਦੀਆਂ 2 ਏਜੰਸੀਆਂ ਹਨ | ਜਿਨ੍ਹਾਂ ਵਲੋਂ ਰੋਜ਼ਾਨਾ ਕਰੀਬ 700 ਸਿਲੰਡਰਾਂ ਦੀ ਵੱਖ-ਵੱਖ ਖਪਤਕਾਰਾਂ ਨੂੰ ਡਲਿਵਰੀ ਦਿੱਤੀ ਜਾਂਦੀ ਹੈ | ਭਾਰਤ ਜੈ ਹਿੰਦ ਗੈਸ ਏਜੰਸੀ ਵਲੋਂ 2 ਦਿਨਾਂ ਤੋਂ ਅਤੇ ਸ਼ਹੀਦ ਗੋਪਾਲ ਏਜੰਸੀ ਵਲੋਂ ਅੱਜ ਸਾਰਾ ਦਿਨ ਗੈਸ ਸਿਲੰਡਰਾਂ ਦੀ ਡਲਿਵਰੀ ਨਾ ਦਿੱਤੇ ਜਾਣ ਕਾਰਨ ਖੇਤਰ ਦੇ ਕਰੀਬ ਸੈਂਕੜੇ ਖਪਤਕਾਰਾਂ ਨੂੰ 2 ਦਿਨਾਂ ਤੋਂ ਗੈਸ ਉਪਲਬਧ ਨਾ ਹੋਣ ਕਾਰਨ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨੂਰਪੁਰਬੇਦੀ ਸਥਿਤ ਜੈ ਹਿੰਦ ਭਾਰਤ ਗੈਸ ਏਜੰਸੀ ਦੀ ਮੈਨੇਜਰ ਰੀਟਾ ਨੇ ਸੰਪਰਕ ਕਰਨ 'ਤੇ ਆਖਿਆ ਕਿ ਉਨ੍ਹਾਂ ਦੀ ਏਜੰਸੀ ਨਾਲ ਜੁੜੇ ਕਰੀਬ 4 ਹਜ਼ਾਰ ਤੋਂ ਵੱਧ ਖਪਤਕਾਰਾਂ ਦੀ ਅਜੇ ਤੱਕ ਕੇ.ਵਾਈ.ਸੀ. ਪ੍ਰਕਿਰਿਆ ਲਟਕੀ ਹੋਈ ਹੈ | ਜਿਸ ਕਾਰਨ ਉਨ੍ਹਾਂ ਨੂੰ ਬੀਤੇ 2 ਦਿਨਾਂ ਤੋਂ ਗੈਸ ਉਪਲਬਧ ਨਹੀਂ ਹੋ ਸਕੀ | ਨੂਰਪੁਰਬੇਦੀ ਸਥਿਤ ਦੂਸਰੀ ਸ਼ਹੀਦ ਗੋਪਾਲ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸਾਰਾ ਦਿਨ ਕੰਪਨੀ ਦਾ ਸਰਵਰ ਨਾ ਚੱਲਣ ਕਾਰਨ ਮੁਸ਼ਕਿਲ ਪੇਸ਼ ਆਈ ਹੈ | ਜਿਸ ਕਾਰਨ ਖਪਤਕਾਰਾਂ ਨੂੰ ਸਿਲੰਡਰ ਡਲਿਵਰ ਨਹੀਂ ਕੀਤੇ ਜਾ ਸਕੇ ਹਨ ਤੇ ਨਾ ਹੀ ਅੱਜ ਕੋਈ ਨਵੀਂ ਬੁਕਿੰਗ ਹੋ ਸਕੀ | ਏਜੰਸੀ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸੱਦੀ ਗਈ ਬੈਠਕ 'ਚ ਮੰਗ ਰੱਖੀ ਕਿ ਜਦੋਂ ਤੱਕ ਹਾਲਾਤ ਸੁਖਾਵੇਂ ਨਹੀਂ ਹੋ ਜਾਂਦੇ ਤਦ ਤੱਕ ਉਕਤ ਓ.ਟੀ.ਪੀ. ਪ੍ਰਕਿਰਿਆ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ |