ਰੂਪਨਗਰ, 11 ਮਾਰਚ (ਸਟਾਫ਼ ਰਿਪੋਰਟਰ)-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ) ਦੇ ਚਾਰ ਵਿਦਿਆਰਥੀ ਮਿਸ ਭਾਵਨਾ ਸੁਨੇਜਾ, ਮਿਸ ਹਰਮਨ ਟੌਂਕ, ਤਨਵੀਰ ਸਿੰਘ ਅਤੇ ਕਰਮਬੀਰ ਸਿੰਘ ਸਵੀਡਨ ਦੇ ਸ਼ਹਿਰ ਸਿਗਟੁਨਾ ਵਿਚ 5 ਤੋਂ 10 ਮਾਰਚ ਤੱਕ ਹੋਈ ਅੰਤਰਰਾਸ਼ਟਰੀ ਸਕੂਲ ਵਿਦਿਆਰਥੀਆਂ ਦੀ ਕਾਨਫ਼ਰੰਸ ਵਿਚ ਭਾਗ ਲੈ ਕੇ ਵਤਨ ਵਾਪਸ ਪਰਤੇ | ਇਹ ਕਾਨਫ਼ਰੰਸ ਡਾ. ਲਾਰਜ਼ ਜੋਹਨਸਨ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਦੁਨੀਆ ਦੇ 15 ਦੇਸ਼ਾਂ ਦੇ ਸਕੂਲ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਕਾਨਫ਼ਰੰਸ ਦਾ ਮੁੱਖ ਵਿਸ਼ਾ Tਜ਼ਿੰਦਗੀ ਦੀ ਸਾਂਝ ਹੀ ਸਰਵਹਿੱਤਕਾਰੀ ਦੇਖਭਾਲ ਹੈUਸੀ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ-ਆਪਣੇ ਦੇਸ਼ਾਂ ਅਤੇ ਸਕੂਲਾਂ ਵਲੋਂ ਇਸ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪੀ.ਪੀ.ਟੀ. ਰਾਹੀਂ ਪ੍ਰਸਤੁਤੀਆਂ ਪੇਸ਼ ਕੀਤੀਆਂ | ਨਾਲ ਹੀ ਵਿਦਿਆਰਥੀਆਂ ਨੇ ਸੰਸਾਰ ਦੇ ਵੱਡੇ ਦੇਸ਼ਾਂ ਅਤੇ ਵਪਾਰਕ ਵਰਗ ਨੂੰ ਆਪਣੇ ਸਵਾਰਥਾਂ ਲਈ ਮਨੁੱਖਤਾ ਨੂੰ ਨੁਕਸਾਨ ਨਾ ਪਹੁੰਚਾਉਣ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਕਾਨਫ਼ਰੰਸ ਦੌਰਾਨ ਵਿਦਿਆਰਥੀਆਂ ਨੂੰ ਸਵੀਡਨ ਦੀ ਰਾਜਧਾਨੀ ਸਟੋਕਹੋਮ ਵਿਖੇ ਅਲਫਰਡ ਨੋਬਲ ਮਿਊਜ਼ੀਅਮ ਅਤੇ ਅਵੈਸੀ ਮਿਊਜ਼ੀਅਮ ਦਾ ਦੌਰਾ ਵੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਨੋਬਲ ਇਨਾਮ ਜੇਤੂ ਵਿਅਕਤੀਆਂ ਦੇ ਯੋਗਦਾਨ ਅਤੇ ਸਵੀਡਨ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਪੁਰਾਣੇ ਸਮਾਨ ਦੇ ਨਵੀਨੀਕਰਨ ਸਬੰਧੀ ਵਰਕਸ਼ਾਪ ਕਰਵਾਈ ਗਈ ਜਿਸ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਬੇਲੋੜੀ ਬਰਬਾਦੀ ਤੋਂ ਬਚਣ ਦਾ ਸੰਦੇਸ਼ ਦਿੱਤਾ ਗਿਆ | ਕਾਨਫ਼ਰੰਸ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਵਿਦਿਆਰਥੀਆਂ ਨੇ ਆਪਣੇ ਪਰੰਪਰਾਗਤ ਪਹਿਰਾਵਿਆਂ ਵਿਚ ਲੋਕ ਨਾਚ ਪੇਸ਼ ਕਰਕੇ ਆਪਣੀ ਸੰਸਕਿ੍ਤੀ ਦੀ ਝਲਕ ਵੀ ਦਿਖਾਈ |