ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੀਆਂ ਅੱਜ ਹੋਣ ਵਾਲੀਆਂ ਸਾਲਾਨਾ ਬਜਟ ਸਮੇਤ ਦੋ ਅਹਿਮ ਮੀਟਿੰਗਾਂ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਸ਼ਹਿਰ ਦੇ ਵਿਕਾਸੀ ਕੰਮਾਂ 'ਤੇ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ | ਇਸ ਮਾਮਲੇ ਨੂੰ ਲੈ ਕੇ ਵਿਰੋਧੀਆਂ ਦੇ ਨਾਲ ਕੁੱਝ ਆਪਣੇ ਕੌਂਸਲਰਾਂ ਵਲੋਂ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ | ਜਾਣਕਾਰੀ ਅਨੁਸਾਰ, ਇਕ ਮੀਟਿੰਗ ਲਈ 11 ਅਤੇ ਦੂਜੀ ਲਈ 8 ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਸੀ, ਪਰ ਕੌਂਸਲਰਾਂ ਦੇ ਨਾ ਪਹੁੰਚਣ ਕਾਰਨ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੇ ਮੀਟਿੰਗਾਂ ਰੱਦ ਕਰ ਦਿੱਤੀਆਂ | ਉਹ ਦੁਪਹਿਰ ਕਰੀਬ 2:30 ਵਜੇ ਤੱਕ ਕੌਂਸਲਰਾਂ ਦਾ ਇੰਤਜ਼ਾਰ ਕਰਦੇ ਰਹੇ | ਹੈਰਾਨੀਜਨਕ ਤੌਰ 'ਤੇ ਮੀਟਿੰਗ ਹਾਲ ਬੰਦ ਹੀ ਰਿਹਾ | ਪ੍ਰਧਾਨ ਕੋਲ ਕੇਵਲ ਮੋਹਿਤ ਸ਼ਰਮਾ ਹੀ ਪਹੁੰਚਿਆ, ਜਦਕਿ ਇਕ ਮਹਿਲਾ ਕੌਂਸਲਰ ਜਿੰਦਰਾ ਦੇਖ ਕੇ ਵਾਪਸ ਮੁੜ ਗਈ | ਆਮ ਆਦਮੀ ਪਾਰਟੀ ਦੇ ਆਗੂ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਆਜ਼ਾਦ ਕੌਂਸਲਰ ਅਮਰਿੰਦਰ ਸਿੰਘ ਰੀਹਲ ਮੌਜੂਦ ਰਹੇ, ਪਰ ਕਾਂਗਰਸ ਦੇ 17 ਵਿਚੋਂ 15 ਤੇ ਅਕਾਲੀ ਦਲ ਦੇ ਦੋਵੇਂ ਕੌਂਸਲਰ ਗੈਰ-ਹਾਜ਼ਰ ਰਹੇ | ਰਾਜੂ ਸਤਿਆਲ ਨੇ ਕਿਹਾ ਕਿ ਵਿਕਾਸੀ ਕੰਮ ਸਹਿਮਤੀ ਨਾਲ ਹੋ ਰਹੇ ਹਨ ਤੇ ਕੌਂਸਲਰ ਹਲਕਾ ਵਿਧਾਇਕ ਦਿਨੇਸ਼ ਚੱਢਾ ਤੋਂ ਖੁਸ਼ ਹਨ, ਪਰ ਪ੍ਰਧਾਨ ਨਾਲ ਨਾਰਾਜ਼ਗੀ ਬਾਰੇ ਉਹ ਅਣਜਾਣ ਹਨ | ਉਨ੍ਹਾਂ ਕਿਹਾ ਕਿ ਬਜਟ ਮੀਟਿੰਗ ਦਾ ਰੱਦ ਹੋਣਾ ਕੌਂਸਲ ਦੇ ਇਤਿਹਾਸ ਵਿਚ ਕਲੰਕ ਸਾਮਾਨ ਹੈ | ਉਨ੍ਹਾਂ ਅਨੁਸਾਰ ਇਹ ਮੀਟਿੰਗ ਸੜਕਾਂ, ਸੀਵਰੇਜ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਅਹਿਮ ਸੀ, ਜਿਸ ਦੇ ਰੱਦ ਹੋਣ ਨਾਲ ਲੋਕਾਂ 'ਚ ਨਿਰਾਸ਼ਾ ਹੈ | ਸਾਬਕਾ ਪ੍ਰਧਾਨ ਸੰਜੇ ਵਰਮਾ ਨੇ ਪ੍ਰਧਾਨ ਵਾਹੀ ਨੂੰ ਘੇਰਦਿਆਂ ਕਿਹਾ ਕਿ ਉਹ ਦੱਸਣ ਕਿ ਕੌਂਸਲਰ ਮੀਟਿੰਗ ਵਿੱਚ ਕਿਉਂ ਨਹੀਂ ਪਹੁੰਚੇ | ਉਨ੍ਹਾਂ ਦੋਸ਼ ਲਾਇਆ ਕਿ ਕੌਂਸਲਰਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ | ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਕੋਈ ਮੀਟਿੰਗ ਰੱਦ ਨਹੀਂ ਹੋਈ ਤੇ ਮੌਜੂਦਾ ਵਿਕਾਸੀ ਕੰਮ ਵੀ ਉਸੇ ਸਮੇਂ ਪਾਸ ਹੋਏ ਸਨ | ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਕੋਰਮ ਪੂਰਾ ਕਰਨ ਵਿਚ ਅਸਫਲ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਕੌਂਸਲਰਾਂ ਨੂੰ ਇਕੱਠਾ ਰੱਖਣ ਵਿਚ ਨਾਕਾਮ ਰਹੀ ਹੈ |