ਜ਼ੀਰਕਪੁਰ, 27 ਮਾਰਚ (ਹੈਪੀ ਪੰਡਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਤੇ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਭਲਕੇ 29 ਮਾਰਚ ਨੂੰ ਡੇਰਾਬੱਸੀ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ 'ਪੰਜਾਬ ਬਚਾਓ ਰੈਲੀ' ਨੂੰ ਲੈ ਕੇ ਹਲਕਾ ਡੇਰਾਬੱਸੀ ਦੇ ਵਸਨੀਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 20 ਦਿਨਾਂ ਦੌਰਾਨ ਉਹ ਜਿਸ ਵੀ ਪਿੰਡ ਤੇ ਵਾਰਡ 'ਚ ਗਏ, ਉਥੇ ਲੋਕਾਂ ਵਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਨੂੰ ਮੌਜੂਦਾ ਹਾਲਾਤਾਂ ਤੋਂ ਬਚਾਉਣਾ ਤੇ ਸਰਕਾਰਾਂ ਵਲੋਂ ਕੀਤੇ ਗਏ ਵਾਅਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ | ਉਨ੍ਹਾਂ ਮੌਜੂਦਾ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸਰਕਾਰ ਵਲੋਂ ਬੇਰੁਜ਼ਗਾਰੀ ਭੱਤਾ, ਨੌਕਰੀਆਂ ਤੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਨਾਜ਼ੁਕ ਹੈ ਅਤੇ ਗੈਂਗਸਟਰਾਂ ਦਾ ਦਬਦਬਾ ਦਿਨੋਂ ਦਿਨ ਵਧ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਡੇਰਾਬੱਸੀ ਹਲਕੇ 'ਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਸਨ, ਜਦਕਿ ਬਾਅਦ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਸੰਭਾਲ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਲੋਕ ਹੁਣ ਆਪਣੀ ਗ਼ਲਤੀ 'ਤੇ ਪਛਤਾ ਰਹੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਸਰਕਾਰ ਨੂੰ ਉਸ ਦੀ ਵਾਅਦਾ ਖ਼ਿਲਾਫ਼ੀ ਦਾ ਜਵਾਬ ਦੇਣਗੇ | ਉਨ੍ਹਾਂ ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਰੈਲੀ ਦੌਰਾਨ ਪੰਜਾਬ ਦੇ ਭਖਦੇ ਮੁੱਦੇ ਉਠਾਏ ਜਾਣਗੇ |