ਬੇਲਾ, 27 ਮਾਰਚ (ਮਨਜੀਤ ਸਿੰਘ ਸੈਣੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਸਾਲ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਲੱਖਾਂ ਵਿਦਿਆਰਥੀਆਂ ਤੋਂ ਮੋਟੀਆਂ ਫ਼ੀਸਾਂ ਵਸੂਲ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਪ੍ਰੀਖਿਆ ਪ੍ਰਬੰਧ ਨਾਲ ਜੁੜੇ ਡਿਊਟੀ ਅਮਲੇ ਤੇ ਪੇਪਰ ਮਾਰਕਿੰਗ ਅਮਲੇ ਨੂੰ ਸਮੇਂ ਸਿਰ ਭੁਗਤਾਨ ਨਾ ਹੋਣ ਕਾਰਨ ਬੋਰਡ ਦੀ ਕਾਰਗੁਜ਼ਾਰੀ ਅਤੇ ਵਿੱਤੀ ਪਾਰਦਰਸ਼ਤਾ 'ਤੇ ਗੰਭੀਰ ਸਵਾਲ ਉੱਠ ਰਹੇ ਹਨ | ਜਾਣਕਾਰੀ ਅਨੁਸਾਰ ਪਹਿਲਾਂ ਦੇ ਸਮਿਆਂ 'ਚ ਬੋਰਡ ਵਲੋਂ ਪ੍ਰੀਖਿਆ ਕੇਂਦਰਾਂ 'ਤੇ ਤਾਇਨਾਤ ਅਮਲੇ ਨੂੰ ਅਤੇ ਮਾਰਕਿੰਗ ਕਰਨ ਵਾਲੇ ਅਮਲੇ ਨੂੰ ਡਿਊਟੀ ਭੱਤਾ ਅਤੇ ਹੋਰ ਲੋੜੀਂਦੇ ਖ਼ਰਚਿਆਂ ਦੀ ਅਦਾਇਗੀ ਤੁਰੰਤ ਕੀਤੀ ਜਾਂਦੀ ਸੀ ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਪੂਰੀ ਪ੍ਰਕਿਰਿਆ ਹੀ ਬਦਲ ਗਈ | ਅਧਿਆਪਕਾਂ ਅਨੁਸਾਰ ਪ੍ਰੀਖਿਆ ਡਿਊਟੀ ਨਿਭਾਉਣ ਵਾਲੇ ਅਮਲੇ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਪ੍ਰੀਖਿਆ ਪ੍ਰਬੰਧ ਦੌਰਾਨ ਹੋਣ ਵਾਲੇ ਹੋਰ ਫੁਟਕਲ ਖ਼ਰਚਿਆਂ ਦੀ ਢੰਗ ਨਾਲ ਅਦਾਇਗੀ ਹੁੰਦੀ ਹੈ | ਇਸੇ ਤਰ੍ਹਾਂ ਪੇਪਰ ਮਾਰਕਿੰਗ ਕਰਨ ਵਾਲੇ ਅਮਲੇ ਨੂੰ ਵੀ ਉਨ੍ਹਾਂ ਦੀ ਬਣਦੀ ਰਕਮ ਸਮੇਂ ਸਿਰ ਨਹੀਂ ਮਿਲ ਰਹੀ | ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬੋਰਡ ਦੇ ਕਈ ਕੰਮ ਹੁਣ ਡਿਜੀਟਲ ਹੋ ਚੁੱਕੇ ਹਨ | ਪੇਪਰ ਮਾਰਕਿੰਗ ਅਮਲੇ ਨੂੰ ਸਿਰਫ਼ ਉੱਤਰ-ਪੁਸਤਿਕਾਵਾਂ ਦੀ ਜਾਂਚ ਹੀ ਨਹੀਂ, ਸਗੋਂ ਨੰਬਰਾਂ ਦੀਆਂ ਲਿਸਟਾਂ ਵੀ ਖ਼ੁਦ ਕੰਪਿਊਟਰ 'ਤੇ ਅੱਪਲੋਡ ਕਰਨੀਆਂ ਪੈਂਦੀਆਂ ਹਨ | ਅਜਿਹੇ ਵਿਚ ਜਦੋਂ ਜ਼ਿਆਦਾਤਰ ਕੰਮ ਅਧਿਆਪਕਾਂ ਦੇ ਸਿਰ ਹੈ ਤਾਂ ਫ਼ੀਸਾਂ ਦੀ ਵਰਤੋਂ 'ਤੇ ਸਵਾਲ ਹੋਰ ਵੀ ਤਿੱਖੇ ਹੋ ਜਾਂਦੇ ਹਨ | ਇਕ ਅਧਿਆਪਕ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦੇ ਪੇਪਰਾਂ ਦੇ ਹਜ਼ਾਰਾਂ ਬੰਡਲ ਤਿਆਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਕ ਬੰਡਲ ਦੀ ਪੇਪਰ ਮਾਰਕਿੰਗ ਦੇ ਘੱਟੋ-ਘੱਟ 2200 ਰੁਪਏ ਬਣਦੇ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਾਰਕਿੰਗ ਨਾਲ ਸੰਬੰਧਿਤ ਰਕਮ ਹੀ ਕਿੰਨੀ ਵੱਡੀ ਹੋ ਸਕਦੀ ਹੈ | ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇਹ ਸਾਰਾ ਪੈਸਾ ਪ੍ਰੀਖਿਆ ਤੇ ਮਾਰਕਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੀ ਇਕੱਠਾ ਕੀਤਾ ਜਾਂਦਾ ਹੈ, ਤਾਂ ਫਿਰ ਅਦਾਇਗੀਆਂ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਹੋਰ ਸਿੱਖਿਆ ਬੋਰਡ ਅਤੇ ਯੂਨੀਵਰਸਿਟੀਆਂ ਆਪਣੇ ਪ੍ਰੀਖਿਆ ਅਤੇ ਮਾਰਕਿੰਗ ਅਮਲੇ ਨੂੰ ਮਾਣ ਭੱਤਾ ਤੇ ਹੋਰ ਬਕਾਇਆ ਰਕਮ ਨਿਯਮਿਤ ਤੌਰ 'ਤੇ ਜਾਰੀ ਕਰਦੀਆਂ ਹਨ ਤਾਂ ਸਿੱਖਿਆ ਬੋਰਡ ਵਲੋਂ ਇਸ ਮਾਮਲੇ ਵਿਚ ਚੁੱਪੀ ਅਤੇ ਲਾਪ੍ਰਵਾਹੀ ਸਮਝ ਤੋਂ ਪਰੇ ਹੈ | ਹੁਣ ਵੱਡਾ ਸਵਾਲ ਇਹ ਹੈ ਕਿ ਲੱਖਾਂ ਵਿਦਿਆਰਥੀਆਂ ਤੋਂ ਵਸੂਲ ਕੀਤੀ ਜਾ ਰਹੀ ਪ੍ਰੀਖਿਆ ਫ਼ੀਸ ਆਖ਼ਰ ਕਿੱਥੇ ਖ਼ਰਚ ਹੋ ਰਹੀ ਹੈ | ਅਧਿਆਪਕ ਵਰਗ, ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਸਕੂਲ ਸਿੱਖਿਆ ਬੋਰਡ ਪ੍ਰੀਖਿਆ ਫ਼ੀਸਾਂ ਦੀ ਵਰਤੋਂ, ਮਾਰਕਿੰਗ ਭੁਗਤਾਨ ਤੇ ਪ੍ਰੀਖਿਆ ਪ੍ਰਬੰਧ ਨਾਲ ਸੰਬੰਧਿਤ ਸਾਰੇ ਵਿੱਤੀ ਪੱਖਾਂ ਨੂੰ ਜਨਤਕ ਕਰੇ, ਤਾਂ ਜੋ ਉੱਠ ਰਹੇ ਸਵਾਲਾਂ ਦਾ ਸਪਸ਼ਟ ਜਵਾਬ ਮਿਲ ਸਕੇ |