ਨੰਗਲ, 3 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪਿਛਲੇ 12 ਦਿਨਾਂ ਤੋਂ ਪਾਣੀ ਦੀ ਸਪਲਾਈ ਵਿਚ ਵਿਘਨ ਪੈਣ ਕਾਰਨ ਪੈਦਾ ਹੋਈ ਪਾਣੀ ਦੀ ਕਿੱਲਤ ਨਾਲ ਜਵਾਹਰ ਮਾਰਕੀਟ ਇਲਾਕੇ ਦੇ ਵਸਨੀਕ ਮਜਬੂਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ | ਇਸ ਸਮੱਸਿਆ ਤੋਂ ਅੱਕੇ ਜਵਾਹਰ ਮਾਰਕੀਟ ਵਸਨੀਕਾਂ ਵਲੋਂ ਅੱਜ ਸਮੱਸਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ, ਰੋਹ ਵਿਚ ਆਏ ਲੋਕਾਂ ਵਲੋਂ ਨਗਰ ਕੌਂਸਲ ਨੰਗਲ ਤੇ ਸੀਵਰੇਜ ਬੋਰਡ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਵਪਾਰ ਮੰਡਲ ਜਵਾਹਰ ਮਾਰਕੀਟ ਦੇ ਪ੍ਰਧਾਨ ਰਜੇਸ਼ ਆਗਰਾ, ਨਰਿੰਦਰ ਕੁਮਾਰ, ਚਰਨਜੀਤ ਮਨੋਚਾ, ਸੁਨੀਲ ਜੋਸ਼ੀ, ਮਨਪ੍ਰੀਤ ਸੈਣੀ ਪਵਨ ਕੁਮਾਰ, ਅੰਕੁਰ, ਬਿਕਰਮ ਸਚਦੇਵਾ, ਸੁਨੀਤਾ, ਨਰੇਸ਼, ਨਿਸ਼ਾ, ਸੁਮਨ, ਅੰਕੁਸ਼, ਪਰਮਜੀਤ ਆਦਿ ਨੇ ਕਿਹਾ ਕਿ ਨਿਯਮਤ ਪਾਣੀ ਦੀ ਸਪਲਾਈ ਦੀ ਘਾਟ ਨੇ ਉਨ੍ਹਾਂ ਦੇ ਰੋਜ਼ਾਨਾ ਦੇ ਘਰੇਲੂ ਕੰਮਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨਾਲ ਇਲਾਕੇ ਦੇ ਲਗਪਗ 800 ਪਰਿਵਾਰ ਹਨ ਅਤੇ ਰੋਜਮਰਾ ਦੀ ਘਰੇਲੂ ਜ਼ਰੂਰਤ ਲਈ ਦੂਰ ਦੁਰਾਡੇ ਤੋਂ ਪਾਣੀ ਲਿਆ ਕੇ ਡੰਗ ਸਾਰਿਆ ਜਾ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਵਾਰਡ ਦੇ ਕੌਂਸਲਰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਫਿਰ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ, ਜਿਸ ਮਗਰੋਂ ਅੱਜ ਮਜਬੂਰਨ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ | ਪ੍ਰਧਾਨ ਰਾਜੇਸ਼ ਆਗਰਾ ਨੇ ਦੱਸਿਆ ਕਿ ਅੱਜ ਜਦੋਂ ਲੋਕ ਪਾਣੀ ਦੀ ਸਮੱਸਿਆ ਲਈ ਇਕੱਠੇ ਹੋਏ ਸਨ ਤਾਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫ਼ਲਾ ਉਥੋਂ ਲੰਘ ਰਿਹਾ ਸੀ, ਇਕੱਠ ਨੂੰ ਦੇਖ ਕੇ ਮੰਤਰੀ ਸਾਹਿਬ ਦਾ ਕਾਫ਼ਲਾ ਰੁਕਿਆ ਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੌਰ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਪਾਣੀ ਦੀ ਸਮੱਸਿਆ ਜਲਦ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਅਤੇ ਮੋਟਰ ਖ਼ਰਾਬ ਹੋਣ ਦਾ ਕਾਰਨ ਪਤਾ ਲੱਗਣ ਉੱਤੇ ਉਨ੍ਹਾਂ ਅਧਿਕਾਰੀਆਂ ਨੂੰ ਨਵੀਂ ਮੋਟਰ ਲਗਾਉਣ ਲਈ ਵੀ ਆਦੇਸ਼ ਦਿੱਤੇ | ਪ੍ਰਧਾਨ ਆਗਰਾ ਨੇ ਕਿਹਾ ਕਿ ਮੰਤਰੀ ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਕਿ ਪਾਣੀ ਦੀ ਚੱਲ ਰਹੀ ਸਮੱਸਿਆ ਦਾ ਜਲਦ ਨਿਪਟਾਰਾ ਕਰਕੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਈ ਜਾਵੇਗੀ |