ਨੰਗਲ, 3 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਵਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਇਲਾਕੇ ਤੇ ਪਿੰਡ ਬੰਦਲੈਹੜੀ ਵਿਚ ਵਰਕਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ | ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ 7 ਅਪ੍ਰੈਲ ਨੂੰ ਵਿਸ਼ੇਸ਼ ਤੌਰ 'ਤੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਉਣ ਨੂੰ ਲੈ ਕੇ ਵਰਕਰ ਉਤਸ਼ਾਹਿਤ ਹਨ | ਅੱਜ ਪਿੰਡ ਬੰਦਲੈਹੜੀ ਵਿਚ ਇਸ ਸੰਦਰਭ ਵਿਚ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਭਰਮੀ ਵਰਕਰ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਵਰਕਰ ਸਥਾਪਨਾ ਦਿਵਸ ਨੂੰ ਯਾਦਗਾਰੀ ਅਤੇ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਲਗਾਤਾਰ ਸੁਝਾਅ ਮੰਗ ਕੇ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਲਾਕੇ ਦੇ ਸਾਰੇ ਭਾਜਪਾ ਵਰਕਰਾਂ ਨੂੰ ਸਮਾਗਮ ਵਿਚ ਸੱਦਾ ਦਿੱਤਾ ਗਿਆ ਹੈ | ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ 7 ਅਪ੍ਰੈਲ ਨੂੰ ਸੂਰੇਵਾਲ ਪਿੰਡ ਦੇ ਹੋਟਲ ਪਰਲ ਗ੍ਰੀਨ ਵਿਖੇ ਆਯੋਜਿਤ ਸਥਾਪਨਾ ਦਿਵਸ ਸਮਾਰੋਹ ਵਿਚ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵਰਕਰਾਂ ਦਾ ਮਾਰਗਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ, ਵਿਕਾਸ ਯੋਜਨਾਵਾਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਆਮ ਜਨਤਾ ਉਨ੍ਹਾਂ ਦਾ ਪੂਰਾ ਲਾਭ ਲੈ ਸਕੇ | ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਗਰੀਬਾਂ ਦੀ ਭਲਾਈ, ਸਿਹਤ ਸੇਵਾਵਾਂ, ਕਿਸਾਨ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਯੋਜਨਾਵਾਂ ਦੀ ਜਾਣਕਾਰੀ ਹਰ ਘਰ ਤੱਕ ਪਹੁੰਚਾਉਣ, ਤਾਂ ਜੋ ਸੰਗਠਨ ਮਜ਼ਬੂਤ ਹੋਵੇ ਅਤੇ ਜਨਤਾ ਦਾ ਵਿਸ਼ਵਾਸ ਮਜ਼ਬੂਤ ਹੋਵੇ | ਇਸ ਮੌਕੇ ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ, ਭਨੂਪਲੀ ਮੰਡਲ ਪ੍ਰਧਾਨ ਮੋਹਿਤ ਸ਼ਰਮਾ, ਡਾ. ਦਿਨੇਸ਼ ਜੋਸ਼ੀ, ਬੰਟੀ ਧੀਮਾਨ ਅਤੇ ਹੋਰ ਵਰਕਰ ਮੌਜੂਦ ਸਨ |