ਡੇਰਾਬੱਸੀ, 5 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਲੌਂਗੋਵਾਲ ਗਰੁੱਪ ਆਫ਼ ਕਾਲਜਿਜ਼ ਡੇਰਾਬੱਸੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ (ਵਿਵੇਕਾਨੰਦ) ਅਤੇ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਸੰਸਥਾ ਦੇ ਸੰਸਥਾਪਕ ਚੇਅਰਮੈਨ ਸਵ. ਬੀ. ਬੀ. ਕਟਿਆਲ ਦੀ ਨਿੱਘੀ ਯਾਦ 'ਚ 15ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਵਲੋਂ ਕੀਤਾ ਗਿਆ | ਇਸ ਮੌਕੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਐੱਸ. ਡੀ. ਐੱਮ. ਅਮਿਤ ਗੁਪਤਾ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ, ਜੋ ਕਿ ਕਿਸੇ ਲੋੜਵੰਦ ਦੀ ਜਾਨ ਬਚਾਉਣ 'ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਸੰਸਥਾ ਦੀ ਚੇਅਰਪਰਸਨ ਕਾਂਤਾ ਕਟਿਆਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਵਾਈਸ ਚੇਅਰਮੈਨ ਡਾ. ਕਪਿਲ ਕਟਿਆਲ ਅਤੇ ਪਿ੍ੰ. ਡਾ. ਵਿਨੋਦ ਕਟਿਆਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਨਿਤਿਨ ਜਿੰਦਲ ਅਤੇ ਰੋਟਰੀ ਕਲੱਬ ਚੰਡੀਗੜ੍ਹ ਦੀ ਪ੍ਰਧਾਨ ਰੋਟੇਰੀਅਨ ਆਭਾ ਜੋਸ਼ੀ ਸ਼ਰਮਾ ਦੀ ਅਗਵਾਈ ਹੇਠ ਮੈਂਬਰਾਂ ਨੇ ਕੈਂਪ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ 'ਚ ਚਲਾਉਣ 'ਚ ਸਹਿਯੋਗ ਦਿੱਤਾ | ਕੈਂਪ ਦੌਰਾਨ ਖ਼ੂਨਦਾਨ ਕਰਨ ਲਈ ਕੁੱਲ 203 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ 'ਚੋਂ 101 ਵਲੰਟੀਅਰਾਂ ਨੇ ਸਫ਼ਲਤਾਪੂਰਵਕ ਖ਼ੂਨਦਾਨ ਕੀਤਾ | ਕੈਂਪ ਦੇ ਅੰਤ 'ਚ ਡਾ. ਰੋਜ਼ੀ ਕਟਿਆਲ (ਪਿ੍ੰ. ਅਤੇ ਡਾਇਰੈਕਟਰ ਕਮਿਊਨਿਟੀ ਸਰਵਿਸਿਜ਼ ਰੋਟਰੀ ਕਲੱਬ) ਨੇ ਸਮੂਹ ਮਹਿਮਾਨਾਂ, ਖ਼ੂਨਦਾਨੀਆਂ ਅਤੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਸ਼ਰਮਾ, ਜੈ ਪ੍ਰਕਾਸ਼ ਧੀਮਾਨ ਅਤੇ ਰੋਟੇਰੀਅਨ ਅਰੁਣ ਅਗਰਵਾਲ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਵੀ ਹਾਜ਼ਰ ਸਨ |