ਪੁਰਖਾਲੀ, 6 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵਲੋਂ ਰੰਗੀਲਪੁਰ-ਮੀਆਂਪੁਰ ਪੁਰਖਾਲੀ-ਬਰਦਾਰ ਸੜਕ ਨੂੰ ਨਵਿਆਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸਬੰਧ ਵਿਚ ਪਿੰਡ ਮੀਆਂਪੁਰ ਵਿਖੇ ਇਲਾਕੇ ਦਾ ਇੱਕ ਭਰਵਾਂ ਇਕੱਠ ਰੱਖਿਆ ਗਿਆ, ਜਿਸ 'ਚ ਇਲਾਕਾ ਵਾਸੀਆਂ, ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਇਲਾਕਾ ਵਾਸੀਆਂ ਦੀ ਹਾਜ਼ਰੀ 'ਚ ਸੜਕ ਨੂੰ ਨਵਿਆਉਣ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ | ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਘਾੜ ਇਲਾਕੇ ਦੇ ਨਵੇਂ ਵਿਕਾਸ ਦੀ ਲਹਿਰ ਸ਼ੁਰੂ ਹੋ ਚੁੱਕੀ ਹੈ | ਉਹਨਾਂ ਕਿਹਾ ਕਿ ਆਉਣ ਵਾਲੇ ਛੇ ਮਹੀਨੇ ਦੇ ਅੰਦਰ-ਅੰਦਰ ਮੀਆਂਪੁਰ ਵਿਖੇ ਰੇਲਵੇ ਫਾਟਕਾਂ ਤੇ ਓਵਰ ਬਿ੍ਜ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਨਾਲ ਸਮੁੱਚੇ ਘਾੜ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ | ਉਹਨਾਂ ਦੱਸਿਆ ਕਿ ਰੰਗੀਲਪੁਰ ਤੋਂ ਵਾਇਆ ਮੀਆਂਪੁਰ-ਪੁਰਖਾਲੀ ਹੋ ਕੇ ਬਰਦਾਰ ਜਾਣ ਵਾਲੀ ਸੜਕ 'ਤੇ ਟਰੈਫ਼ਿਕ ਵਧਣ ਕਾਰਨ ਸੜਕ ਦਾ ਮਾੜਾ ਹਾਲ ਹੋ ਗਿਆ ਸੀ, ਜਿਸ ਕਾਰਨ ਘਾੜ ਇਲਾਕੇ ਦੇ ਲੋਕ ਪਰੇਸ਼ਾਨ ਹੋ ਰਹੇ ਸਨ ਅਤੇ ਇਹ ਸੜਕ ਖਤਰਿਆਂ ਦਾ ਸਬੱਬ ਵੀ ਬਣ ਰਹੀ ਸੀ | ਉਹਨਾਂ ਦੱਸਿਆ ਕਿ ਉਕਤ ਸੜਕ ਨੂੰ ਨਵਿਆਉਣ ਦਾ ਕੰਮ ਪਿੰਡ ਬਰਦਾਰ ਤੋਂ ਸ਼ੁਰੂ ਕਰ ਦਿੱਤਾ ਗਿਆ | ਉਹਨਾਂ ਦੱਸਿਆ ਕਿ ਸੜਕ ਦੇ ਨਵੀਨੀਕਰਨ ਦੇ ਨਾਲ ਘਾੜ ਇਲਾਕੇ ਦੇ ਲੋਕਾਂ ਨੂੰ ਇਸ ਸੜਕ 'ਤੇ ਸਫਰ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ | ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਿਸਵਾਂ ਟੀ ਪੁਆਇੰਟ, ਅਭੀਪੁਰ ਮੀਆਂਪੁਰ ਚੰਗਰ, ਹਰੀਪੁਰ, ਪੁਰਖਾਲੀ ਹੋ ਕੇ ਕਕੋਟ ਮਾਜਰੀ ਜਾਣ ਵਾਲੀ ਸੜਕ 'ਤੇ ਵੀ ਜਲਦੀ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਉਕਤ ਸੜਕ ਇਹਨਾਂ ਪਿੰਡਾਂ ਰਾਹੀਂ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਨਾਲ ਜੋੜੀ ਜਾ ਰਹੀ | ਉਹਨਾਂ ਦੱਸਿਆ ਕਿ ਉਕਤ ਸੜਕ ਇਲਾਕੇ ਦੀ ਤਰੱਕੀ 'ਚ ਵੱਡਾ ਯੋਗਦਾਨ ਪਾਵੇਗੀ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ | ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰਨਾਂ ਸੜਕਾਂ ਦੀ ਵੀ ਪਹਿਲ ਦੇ ਆਧਾਰ 'ਤੇ ਮੁਰੰਮਤ ਕੀਤੀ ਜਾ ਰਹੀ ਹੈ | ਉਹਨਾਂ ਦੱਸਿਆ ਕਿ ਬਰਦਾਰ ਸੜਕ ਨੂੰ ਬੱਦੀ (ਹਿਮਾਚਲ ਪ੍ਰਦੇਸ਼) ਨਾਲ ਜੋੜਨ ਲਈ ਵੀ ਉਪਰਾਲੇ ਜ਼ੋਰਾਂ 'ਤੇ ਹਨ, ਜਿਨ੍ਹਾਂ ਨੂੰ ਜਲਦੀ ਹੀ ਬੂਰ ਪਵੇਗਾ | ਉਹਨਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਅੰਦਰ ਜੇਕਰ ਖੇਡ ਸਟੇਡੀਅਮਾਂ ਲਈ ਲੋੜੀਂਦੀ ਢੁਕਵੀਂ ਥਾਂ ਦਿੱਤੀ ਜਾਵੇਗੀ ਤਾਂ ਇਲਾਕੇ ਅੰਦਰ ਆਲੀਸ਼ਾਨ ਖੇਡ ਸਟੇਡੀਅਮ ਵੀ ਬਣਾਏ ਜਾਣਗੇ | ਉਹਨਾਂ ਦੱਸਿਆ ਕਿ ਇਲਾਕੇ ਦੇ ਪਿੰਡਾਂ ਨੂੰ ਜਲਦੀ ਹੀ ਸੋਲਰ ਲਾਈਟਾਂ ਵੀ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਵੀ ਕਿਹਾ ਕਿ ਇਲਾਕੇ ਦੇ ਵਿਕਾਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ | ਉਹਨਾਂ ਕਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ ਲਈ ਅੱਗੇ ਆਇਆ ਜਾਵੇ | ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ, ਅਹੁਦੇਦਾਰ, ਇਲਾਕੇ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਅਤੇ ਇਲਾਕਾ ਵਾਸੀ ਹਾਜ਼ਰ ਸਨ |