ਸੁਖਸਾਲ, 8 ਅਪ੍ਰੈਲ (ਧਰਮ ਪਾਲ)- ਕਣਕ ਦੀ ਫਸਲ ਅਤੇ ਸਬਜ਼ੀਆਂ ਆਦਿ ਬੇਮੌਸਮੇ ਮੀਂਹ ਨੇ ਤਬਾਹ ਕਰ ਦਿੱਤੀਆਂ ਹਨ | ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਦੀ ਭੇਟ ਚੜ੍ਹੀਆਂ ਫ਼ਸਲਾਂ ਧਰਤੀ 'ਤੇ ਵਿਛਿਆਂ ਹੋਈਆਂ ਹੋਣ ਕਰਕੇ ਝਾੜ 'ਤੇ ਅਸਰ ਪਾਉਣਗੀਆਂ | ਕੁੱਝ ਕਿਸਾਨਾਂ ਵਲੋਂ ਵੱਢੀ ਗਈ ਕਣਕ ਦੀ ਫ਼ਸਲ ਜੋ ਧਰਤੀ 'ਤੇ ਵਿਛੀ ਪਈ ਹੈ, ਮੀਂਹ ਦੇ ਪਾਣੀ ਨਾਲ ਡੁੱਬ ਕੇ ਖ਼ਰਾਬ ਹੋ ਰਹੀ ਹੈ | ਇਸ ਬੇਮੌਸਮੀ ਮਾਰ ਕਾਰਨ ਕਿਸਾਨਾਂ ਲਈ 'ਨਾ ਤੂੜੀ' ਨਾ 'ਕਣਕ' ਪੱਲੇ ਪੈਣ ਦੀ ਆਸ ਹੈ | ਇਸ ਕਾਰਨ ਫ਼ਸਲ ਦੇ ਝਾੜ ਵਿਚ ਵੱਡੀ ਗਿਰਾਵਟ ਆਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ | ਇਸ ਬੇਮੌਸਮੇ ਮੀਂਹ ਪੈਂਦੇ ਨੂੰ ਦੇਖ ਕਿਸਾਨਾਂ ਨੇ ਕਿਹਾ ਕਿ ਖੇਤੀ ਹੁਣ 'ਘਾਟੇ ਦਾ ਸੌਦਾ' ਸਾਬਤ ਹੋ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਹੁਣ ਮਹਿੰਗੀ ਖਾਦ, ਕੀਟਨਾਸ਼ਕਾਂ ਅਤੇ ਡੀਜ਼ਲ ਦੇ ਖ਼ਰਚੇ ਕੱਢਣਾ ਵੀ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਹੋਣ ਕਾਰਨ ਅਸੀਂ ਖੇਤੀ ਛੱਡ ਵੀ ਨਹੀਂ ਸਕਦੇ | ਇਹ ਨੁਕਸਾਨ ਸਿਰਫ਼ ਕਣਕ ਦਾ ਨਹੀਂ ਹੋਇਆ ਸਗੋਂ ਪਸ਼ੂਆਂ ਲਈ ਕਣਕ ਤੋਂ ਬਣਨ ਵਾਲੀ ਤੂੜੀ 'ਤੇ ਵੀ ਇਸ ਮੀਂਹ ਦਾ ਬੁਰਾ ਅਸਰ ਪਿਆ ਹੈ | ਫ਼ਸਲ ਖ਼ਰਾਬ ਹੋਣ ਨਾਲ ਆਉਣ ਵਾਲੇ ਦਿਨਾਂ ਵਿਚ ਪਸ਼ੂਆਂ ਲਈ ਸੁੱਕੇ ਚਾਰੇ ਦਾ ਵੀ ਸੰਕਟ ਪੈਦਾ ਹੋ ਸਕਦਾ ਹੈ | ਪੀੜਤ ਕਿਸਾਨਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਖ਼ਰਾਬ ਹੋਈ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਪੀੜਤ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਔਖੇ ਸਮੇਂ ਕਿਸਾਨਾਂ ਦੀ ਬਾਂਹ ਫੜੇ |