ਮੋਰਿੰਡਾ, 8 ਅਪ੍ਰੈਲ (ਤਰਲੋਚਨ ਸਿੰਘ ਕੰਗ)-ਪਿਛਲੇ ਚਾਰ ਸਾਲਾਂ ਵਿਚ ਮੋਰਿੰਡਾ ਇਲਾਕੇ ਦੇ ਵਿਕਾਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਵਿਚ ਪਹਿਲਾਂ ਨਾਲੋਂ ਵੀ ਵਿਕਾਸ ਕਾਰਜਾਂ ਦਾ ਹਾਲ ਬਦ ਤੋਂ ਬਦਤਰ ਹੋ ਗਿਆ ਹੈ | ਚਾਹੇ ਇਲਾਕੇ ਦੀਆਂ ਲਿੰਕ ਸੜਕਾਂ ਦੀ ਗੱਲ ਹੋਵੇ, ਚਾਹੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਤੇ ਡਾਕਟਰਾਂ ਦੀ ਗੱਲ ਹੋਵੇ, ਚਾਹੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਗੱਲ ਹੋਵੇ, ਚਾਹੇ ਸ਼ਹਿਰ ਵਿਚ ਕੂੜੇ ਕਰਕਟ ਦੀ ਗੱਲ ਹੋਵੇ, ਇਹ ਸਭ ਕੁੱਝ ਇਲਾਕਾ ਨਿਵਾਸੀਆਂ ਲਈ ਪ੍ਰੇਸ਼ਾਨੀਆਂ ਦਾ ਘਰ ਬਣ ਚੁੱਕੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸੁਰਜੀਤ ਸਿੰਘ ਤਾਜਪੁਰ ਸਾਬਕਾ ਸਰਪੰਚ, ਅੰਮਿ੍ਤਪਾਲ ਸਿੰਘ ਖੱਟੜਾ ਕੌਂਸਲਰ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਵਰਿੰਦਰ ਸਿੰਘ ਹੈਪੀ, ਜਗਪਾਲ ਸਿੰਘ ਕੰਗ, ਸੁਰਿੰਦਰ ਕੁਮਾਰ, ਪਾਲੀ, ਜੀਵਨ ਸਿੰਘ, ਸ਼ਿਵ ਕੁਮਾਰ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਐਨਾ ਮਾੜਾ ਹਾਲ ਹੈ ਕਿ ਥਾਂ-ਥਾਂ ਤੋਂ ਮੈਨ ਹੋਲ ਲੀਕ ਹੋ ਕੇ ਗਲੀਆਂ ਵਿਚ ਗੰਦਾ ਪਾਣੀ ਵੜ ਰਿਹਾ ਹੈ | ਮੀਂਹ ਦਾ ਪਾਣੀ ਸੀਵਰੇਜ ਦੇ ਪਾਣੀ 'ਚ ਮਿਲ ਕੇ ਗੁਰਦੁਆਰਾ ਗੁਪਤਸਰ ਲਾਗੇ, ਰਾਮਬਾਗ ਰੋਡ ਤੇ, ਵਾਲਮੀਕ ਮੰਦਰ ਦੇ ਨਜ਼ਦੀਕ ਅਤੇ ਪੁਰਾਣੀ ਬਸੀ ਰੋਡ ਤੇ ਖੜਨ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋਣ ਦੇ ਨਾਲ-ਨਾਲ ਆਮ ਲੋਕਾਂ ਨੂੰ ਆਪਣੇ ਘਰਾਂ 'ਚ ਦਾਖਲ ਹੋਣ ਲਈ ਗੰਦੇ ਪਾਣੀ 'ਚੋਂ ਹੋ ਕੇ ਜਾਣਾ ਪੈਂਦਾ ਹੈ | ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਮੋਰਿੰਡਾ ਵਲੋਂ ਨਾ ਤਾਂ ਕੋਈ ਕੂੜੇ ਨੂੰ ਚੁੱਕਣ ਦੇ ਪ੍ਰਬੰਧ ਹਨ | ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਪੁਰਾਣੀ ਬਸੀ ਰੋਡ ਦੀ ਉਸਾਰੀ ਦਾ ਕੰਮ ਚਾਰ ਸਾਲਾਂ ਵਿਚ ਦੋ ਵਾਰ ਹੋਣ ਦੇ ਬਾਵਜੂਦ ਵੀ ਪਾਣੀ ਦੇ ਨਿਕਾਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ | ਉਲਟਾ ਚੰਗੀਆਂ ਭਲੀਆਂ ਲੱਗੀਆਂ ਮੋਟੀਆਂ ਟਾਈਲਾਂ ਪੁੱਟ ਕੇ ਘੱਟ ਮੋਟਾਈ ਵਾਲੀਆਂ ਟਾਈਲਾਂ ਲਗਾ ਕੇ ਵਿਕਾਸ ਕਰਨ ਦੀਆਂ ਖਬਰਾਂ ਲਗਵਾਈਆਂ ਗਈਆਂ | ਜਦਕਿ ਪਹਿਲਾਂ ਲੱਗੀਆਂ ਟਾਈਲਾਂ 'ਤੇ ਪਾਣੀ ਦਾ ਨਿਕਾਸ ਜੋ ਹੋ ਰਿਹਾ ਸੀ, ਉਸ ਨਾਲੋਂ ਵੀ ਹੁਣ ਮਾੜਾ ਹਾਲ ਹੋ ਗਿਆ ਹੈ | ਸ੍ਰੀ ਚਲਾਕੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਪੈਸੇ ਦੀ ਵਿਕਾਸ ਦੇ ਨਾਂਅ 'ਤੇ ਹੋ ਰਹੀ ਲੁੱਟ ਨੂੰ ਰੋਕਣ ਲਈ ਮੋਰਿੰਡਾ ਇਲਾਕੇ ਵਿਚ ਹੋਏ ਕਾਗਜੀ ਵਿਕਾਸ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਅਸਲੀਅਤ ਲੋਕਾਂ ਸਾਹਮਣੇ ਆ ਸਕੇ | ਉਪਰੋਕਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਮੋਰਿੰਡਾ ਇਲਾਕੇ ਵਿਚ ਹੋਏ ਵਿਕਾਸ ਅਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇ |