ਰੂਪਨਗਰ, 8 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ | ਇਸੇ ਤਹਿਤ ਅੱਜ 9 ਅਪ੍ਰੈਲ ਦਿਨ ਵੀਰਵਾਰ ਨੂੰ ਰੂਪਨਗਰ ਸ਼ਹਿਰ ਦੇ ਚਾਰ ਆਮ ਆਦਮੀ ਕਲੀਨਿਕਾਂ, ਆਮ ਆਦਮੀ ਕਲੀਨਿਕ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ), ਆਮ ਆਦਮੀ ਕਲੀਨਿਕ ਭੱਠਾ ਸਾਹਿਬ, ਆਮ ਆਦਮੀ ਕਲੀਨਿਕ ਹੁਸੈਨਪੁਰ ਅਤੇ ਆਮ ਆਦਮੀ ਕਲੀਨਿਕ ਪੀਡਬਲਿਊਡੀ ਕਲੋਨੀ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟਰੇਸ਼ਨ ਕੈਂਪ ਆਯੋਜਿਤ ਕੀਤੇ ਜਾਣਗੇ | ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੋ ਪੰਜਾਬ ਦੇ ਨਿਵਾਸੀਆਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕਰਦੀ ਹੈ, ਪੂਰੇ ਰਾਜ ਪੰਜਾਬ ਵਿਚ ਇਸਦੇ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ | ਇਸੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਵੀ ਪਿੰਡਾਂ, ਸਰਕਾਰੀ ਦਫ਼ਤਰਾਂ ਅਤੇ ਚੁਣੇ ਹੋਏ ਸਥਾਨਾਂ 'ਤੇ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਯੋਗ ਲਾਭਪਾਤਰੀਆਂ ਦੀ ਸਹੀ ਅਤੇ ਸਮੇਂ ਸਿਰ ਰਜਿਸਟਰੇਸ਼ਨ ਕਰਨਾ ਹੈ ਤਾਂ ਜੋ ਉਹ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਇਸ ਵੱਡੀ ਸੇਵਾ ਦਾ ਲਾਭ ਲੈ ਸਕਣ | ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਮਿਲ ਹੋਣ ਲਈ ਪਰਿਵਾਰ ਦੇ ਘੱਟੋ-ਘੱਟ ਦੋ ਮੈਂਬਰ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਲੈ ਕੇ ਆਉਣ, ਜਿਨ੍ਹਾਂ ਵਿਚ ਆਧਾਰ ਕਾਰਡ ਅਤੇ ਵੋਟਰ ਕਾਰਡ ਸ਼ਾਮਿਲ ਹਨ |