ਭਰਤਗੜ੍ਹ, 10 ਅਪ੍ਰੈਲ (ਜਸਬੀਰ ਸਿੰਘ ਬਾਵਾ)- ਸਥਾਨਕ ਹੌਲੀ ਏਾਜਲਸ ਸਕੂਲ 'ਚ ਕਰੀਬ 75 ਕੁ ਮਾਪਿਆਂ ਨੇ ਅੱਜ ਆਪਣੇ ਬੱਚਿਆਂ ਦੀ ਮਹੀਨਾਵਾਰ ਫ਼ੀਸ ਦੇ ਵਾਧੇ ਸੰਬੰਧੀ ਨਵੇਂ ਪਿ੍ੰਸੀਪਲ ਨੂੰ ਮਿਲਣੋਂ ਰੋਕਣ 'ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸਰਪੰਚ ਲਖਵੀਰ ਸਿੰਘ ਗਾਜੀਪੁਰ, ਅਰਜਨ ਸਿੰਘ, ਅਮਨਦੀਪ ਸਿੰਘ ਸਰਸਾ ਨੰਗਲ, ਜਸਪਾਲ ਸਿੰਘ ਬੇਲੀ, ਮਲਕੀਅਤ ਸਿੰਘ, ਸੁਖਵਿੰਦਰ ਸਿੰਘ ਕੋਟਬਾਲਾ, ਰਮਨ ਮੋਦਗਿੱਲ ਸਮੇਤ ਅਨੇਕਾਂ ਮਾਪਿਆਂ ਨੇ ਪ੍ਰਬੰਧਕਾਂ ਖਿਲਾਫ਼ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਵਰ੍ਹੇ ਚੇਅਰਮੈਨ ਸੰਜੇ ਗੁਪਤਾ ਨਾਲ ਵਿਸ਼ੇਸ਼ ਮੀਟਿੰਗ 'ਚ ਮਾਪਿਆਂ ਨੇ ਮਹੀਨਾਵਾਰ ਫ਼ੀਸ 'ਚ 50 ਰੁ: ਵਾਧੇ ਨੂੰ ਸਹਿਮਤੀ ਦੇ ਦਿੱਤੀ ਸੀ, ਪਰ ਪ੍ਰਬੰਧਕਾਂ ਨੇ ਹਰੇਕ ਜਮਾਤ ਦੇ ਵਿਦਿਆਰਥੀਆਂ ਦੀ ਫ਼ੀਸ ਅਦਾਇਗੀ 'ਚ 300 ਰੁ: ਅਤੇ ਬੱਸ ਫ਼ੀਸ 'ਚ 100 ਰੁ: ਵਾਧੇ ਦੇ ਨਾਦਰਸ਼ਾਹੀ ਫ਼ੈਸਲੇ ਨਾਲ ਮਾਪਿਆਂ ਦੀ ਸਿੱਧੀ ਲੁੱਟ ਹੋ ਰਹੀ ਹੈ | ਇਨ੍ਹਾਂ ਕਿਹਾ ਕਿ ਉਕਤ ਸੰਸਥਾ ਬਗੈਰ ਕਿਸੇ ਬੋਰਡ ਦੀ ਮਾਨਤਾ ਤੋਂ ਪਿੰਡਾਂ ਦੇ ਬੱਚਿਆਂ ਨੂੰ ਦਸਵੀਂ ਜਮਾਤ ਤੱਕ ਵਿੱਦਿਅਕ ਤਾਲੀਮ ਦੇ ਰਹੀ ਹੈ, ਪਿਛਲੇ ਵਰ੍ਹੇ ਉਕਤ ਸੰਸਥਾ, ਸੀ. ਬੀ. ਐਸ. ਈ. ਤੋਂ ਮਾਨਤਾ ਪ੍ਰਾਪਤ ਹੋਈ ਹੈ | ਬੋਰਡ ਦੇ ਨਿਯਮਾਂ ਮੁਤਾਬਿਕ ਸਾਇੰਸ ਲੈਬ, ਖੇਡ ਮੈਦਾਨ, ਤਜ਼ਰਬੇਕਾਰ ਅਧਿਆਪਕ ਅਤੇ ਹੋਰ ਸਹੂਲਤਾਂ ਦੇਣਾ ਪ੍ਰਬੰਧਕਾਂ ਲਈ ਜ਼ਰੂਰੀ ਹੈ, ਪਰ ਵਾਅਦੇ ਤੋਂ ਉਲਟ ਫ਼ੀਸਾਂ 'ਚ ਵਾਧਾ ਮਾਪਿਆਂ ਨੂੰ ਸਵੀਕਾਰ ਨਹੀਂ ਹੈ | ਨਾਅਰੇਬਾਜ਼ੀ ਤੋਂ ਬਾਅਦ ਪਿ੍ੰਸੀਪਲ ਦੀ ਚੋਣਵੇਂ ਮਾਪਿਆਂ ਨਾਲ ਮੀਟਿੰਗ ਹੋਈ | ਮਾਪਿਆਂ ਨੇ ਅਸਹਿਮਤੀ ਦਿਖਾਉਂਦਿਆਂ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ 14 ਅਪ੍ਰੈਲ ਤੱਕ ਫ਼ੀਸਾਂ ਦੇ ਵਾਧੇ ਵਾਪਸ ਨਾ ਲਏ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਵਿਭਾਗ ਅਤੇ ਸਬੰਧਿਤ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਕੇ ਉਦੋਂ ਤੱਕ ਸੰਘਰਸ਼ ਕਰਾਂਗੇ, ਜਦੋਂ ਤੱਕ ਮਾਪਿਆਂ ਨੂੰ ਲੁੱਟ ਤੋਂ ਬਚਾਉਣ ਲਈ ਯਤਨ ਨਹੀਂ ਕਰਦੇ | ਵਿੱਦਿਅਕ ਸਹੂਲਤਾਂ 'ਚ ਵਾਧੇ ਨੂੰ ਲੈਕੇ ਫ਼ੀਸ ਵਾਧਾ ਜਾਇਜ਼-ਪਿ੍ੰਸੀਪਲ ਨੇਹਾ ਸ਼ਰਮਾ ਨੇ ਦੱਸਿਆ ਕਿ ਸੰਸਥਾ ਅੰਦਰ ਸਾਇੰਸ ਪ੍ਰਯੋਗਸ਼ਾਲਾਵਾਂ, ਖੇਡ ਮੈਦਾਨ ਅਤੇ ਹੋਰ ਵਿੱਦਿਅਕ ਸਹੂਲਤਾਂ 'ਚ ਵਾਧਾ ਹੋਇਆ ਹੈ, ਮਹੀਨਾਵਾਰ ਫ਼ੀਸ 'ਚ ਵਾਧਾ ਜਾਇਜ਼ ਹੈ, ਮਾਪਿਆਂ ਨੂੰ ਮੁਲਾਕਾਤ 'ਚ ਵਿਸ਼ਵਾਸ ਦੁਆ ਕੇ ਪ੍ਰਬੰਧਕਾਂ ਨੂੰ ਜਾਣਕਾਰੀ ਦੇ ਦਿੱਤੀ ਹੈ, 13 ਅਪ੍ਰੈਲ ਤੱਕ ਵਾਧੇ ਸਬੰਧੀ ਮਾਮਲਾ ਸੁਲਝਾ ਲਿਆ ਜਾਵੇਗਾ |