ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਵਰਕਸ਼ਾਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਰੂਪਨਗਰ ਵਿਖੇ ਲਗਾਈ ਗਈ | ਵਰਕਸ਼ਾਪ ਵਿਚ ਡਾ. ਕਰਨ ਸੁਖੀਜਾ, ਡਾਇਰੈਕਟਰ (ਪਲੈਨਿੰਗ ਐਂਡ ਡਿਵੈਲਪਮੈਂਟ ਡਿਵੀਜ਼ਨ) ਮੁੱਖ ਵਕਤਾ ਵਜੋਂ ਸ਼ਾਮਲ ਹੋਏ | ਉਨਾਂ ਆਪਣੇ ਸੰਬੋਧਨ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ, ਦਾਖ਼ਲਾ ਪ੍ਰਕਿਰਿਆ ਤੇ ਵਿਦਿਆਰਥੀਆਂ ਲਈ ਉਪਲਬਧ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਡਾ. ਪੂਜਾ ਅਗਰਵਾਲ ਤੇ ਸ੍ਰੀ ਤਰਨ ਵਲੋਂ ਵੀ ਵਰਕਸ਼ਾਪ ਦੇ ਵੱਖ-ਵੱਖ ਸੈਸ਼ਨ ਲਏ ਗਏ ਅਤੇ ਜਾਣਕਾਰੀ ਸਾਂਝੀ ਕੀਤੀ ਗਈ | ਵਰਕਸ਼ਾਪ ਦਾ ਸਮੁੱਚਾ ਪ੍ਰਬੰਧ ਜ਼ਿਲ੍ਹਾ ਗਾਈਡੈਂਸ ਕੌਂਸਲਰ ਪ੍ਰਭਜੀਤ ਸਿੰਘ ਵਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਵਤਿੰਦਰ ਕੌਰ ਨੇ ਨਿਭਾਈ | ਇਸ ਵਰਕਸ਼ਾਪ ਵਿਚ ਜ਼ਿਲ੍ਹੇ ਦੇ ਲਗਭਗ 175 ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਐਮ.ਆਈ.ਐਸ ਕੋਆਰਡੀਨੇਟਰ ਜਤਿੰਦਰਪਾਲ ਸਿੰਘ ਵਲੋਂ ਈ-ਪੰਜਾਬ ਅਤੇ ਵਿਭਾਗੀ ਐਪ 'ਐਮ-ਸਟਾਰ' ਬਾਰੇ ਪ੍ਰੈਜ਼ੈਂਟੇਸ਼ਨ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਨੇ ਵੀ ਵਰਕਸ਼ਾਪ ਵਿਚ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ | ਸਕੂਲ ਦੀ ਪਿ੍ੰਸੀਪਲ ਸੰਦੀਪ ਕੌਰ ਅਤੇ ਹਰਪ੍ਰੀਤ ਕੌਰ ਵੀ ਸ਼ਾਮਲ ਹੋਏ |