ਰੂਪਨਗਰ, 18 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸੰਤ ਬਾਬਾ ਮਾਨ ਸਿੰਘ ਜੀ ਵਲੋਂ ਵਰੋਸਾਈ ਹੋਈ ਸੰਤ ਕਰਮ ਸਿੰਘ ਅਕੈਡਮੀ ਵਿਚ ਕਲਾਸ 10ਵੀਂ ਸੀ.ਬੀ.ਐਸ.ਈ. ਦੇ ਸ਼ਾਨਦਾਰ ਨਤੀਜਿਆਂ ਦੇ ਸਬੰਧ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜ਼ਿਲੇ੍ਹ 'ਚੋਂ ਟੌਪਰ ਰਹੇ ਮੰਨਤਵੀਰ ਸਿੰਘ ਜਿਸਨੇ 99 ਫੀਸਦੀ ਅੰਕ ਹਾਸਲ ਕੀਤੇ ਸਨ, ਨੂੰ ਸਾਬਕਾ ਸਰਪੰਚ ਦਲਜੀਤ ਸਿੰਘ ਸ਼ਾਮਪੁਰਾ ਵਲੋਂ ਖ਼ਾਸ ਤੌਰ 'ਤੇ ਐਲਾਨ ਕੀਤਾ ਗਿਆ ਕਿ ਮੰਨਤਵੀਰ ਸਿੰਘ ਨੂੰ ਸਕੂਟੀ ਇਨਾਮ ਵਜੋਂ ਦਿੱਤੀ ਜਾਵੇਗੀ | ਸਮਾਰੋਹ ਦੌਰਾਨ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 11 ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 19 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅਤੇ 28 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਬਾਬਾ ਸੁਰਜਨ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪਿ੍ੰਸੀਪਲ ਸਤਪਾਲ ਕੌਰ ਅਤੇ ਸਾਬਕਾ ਸਰਪੰਚ ਦਲਜੀਤ ਸਿੰਘ ਸ਼ਾਮਪੁਰਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਹੋਰ ਵਿਦਿਆਰਥੀਆਂ ਨੂੰ ਵੀ ਚੰਗੇ ਅੰਕ ਪ੍ਰਾਪਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ |