ਖਰੜ, 19 ਅਪ੍ਰੈਲ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬੀਤੇ ਕੱਲ੍ਹ ਐਨ. ਡੀ. ਏ./ਭਾਜਪਾ ਨੇ ਲੋਕ ਸਭਾ 'ਚ ਮਹਿਲਾਵਾਂ ਤੇ ਦੇਸ਼ 'ਚ ਨਵੀਂ ਹੋਣ ਜਾ ਰਹੀ ਹੱਦਬੰਦੀ ਨਾਲ ਸੰਬੰਧਿਤ ਬਿੱਲ ਨੂੰ ਲਿਆਂਦਾ ਸੀ | ਇਸ ਬਿੱਲ ਦੇ ਸਮਰਥਨ 'ਚ 298 ਵੋਟਾਂ ਪਈਆਂ, ਜਦਕਿ ਵਿਰੋਧ 'ਚ 230 ਵੋਟਾਂ ਪਈਆਂ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਭਾਜਪਾ/ਐਨ. ਡੀ. ਏ. ਦੀ ਸਰਕਾਰ ਦੀ ਸੋਚੀ-ਸਮਝੀ ਸਾਜਿਸ਼ ਸੀ ਕਿਉਂਕਿ ਇਸ ਸਰਕਾਰ ਨੇ ਬੜੀ ਚਲਾਕੀ ਨਾਲ ਮਹਿਲਾਵਾਂ ਦੇ ਰਾਖਵੇਂਕਰਨ ਦੇ ਬਿੱਲ ਦੇ ਨਾਲ ਹੀ ਨਵੀਂ ਹੱਦਬੰਦੀ 'ਤੇ ਵੀ ਲੋਕ ਸਭਾ ਦੀ ਮੋਹਰ ਲਗਵਾ ਲੈਣੀ ਸੀ, ਪਰ ਵਿਰੋਧ ਕਾਰਨ ਭਾਜਪਾ ਨੂੰ ਹੁਣ ਮੂੰਹ ਦੀ ਖਾਣੀ ਪਈ ਅਤੇ ਬਿੱਲ ਪਾਸ ਨਾ ਹੋਣ ਕਾਰਨ ਐਨ. ਡੀ. ਏ. ਦੇ ਅਕਸ ਨੂੰ ਭਾਰੀ ਸੱਟ ਵੱਜੀ | ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਅਸਲ 'ਚ ਭਾਜਪਾ ਦੀ ਇਹ ਸੋਚ ਸੀ ਕਿ ਜੇਕਰ ਇਹ ਬਿੱਲ ਪਾਸ ਨਾ ਹੋਇਆ ਤਾਂ ਅਸੀਂ ਕਾਂਗਰਸ ਨੂੰ ਮਹਿਲਾ ਵਿਰੋਧੀ ਦੱਸ ਕੇ ਬਦਨਾਮ ਕਰਾਂਗੇ, ਪਰ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ ਉਸ ਦੀ ਆੜ 'ਚ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਨਾਜਾਇਜ਼ ਤੇ ਬਿਨਾਂ ਮੈਰਿਟ ਤੋਂ ਤਿਆਰ ਕੀਤਾ ਹੱਦਬੰਦੀ ਵਾਲਾ ਬਿੱਲ ਵੀ ਪਾਸ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਮਹਿਲਾ ਵਿਰੋਧੀ ਨਹੀਂ ਹੈ ਕਿਉਂਕਿ ਸਾਲ 2008 'ਚ ਕਾਂਗਰਸ ਦੀ ਸਰਕਾਰ ਨੇ ਸਵ. ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਮਹਿਲਾ ਰਾਖਵੇਂਕਰਨ ਦਾ ਬਿੱਲ ਲਿਆਂਦਾ ਸੀ, ਜਿਸ ਨੂੰ ਭਾਜਪਾ ਹੁਣ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਔਰਤਾਂ ਦੇ ਰਾਖਵੇਂਕਰਨ ਦਾ ਖੁੱਲ੍ਹ ਕੇ ਸਮਰਥਨ ਕਰਦੀ ਆ ਰਹੀ ਹੈ, ਪਰ ਉਹ ਨਾਜਾਇਜ਼ ਹੱਦਬੰਦੀ ਦੇ ਖ਼ਿਲਾਫ਼ ਹੈ |