ਢੇਰ, 19 ਅਪ੍ਰੈਲ (ਕਾਲੀਆ)-ਭੁਨਪਲੀ ਵਿਖੇ ਸਵਾਸਤਿਕ ਅਰੋਗਿਆ ਨਰਸਿੰਗ ਹੋਮ ਹਸਪਤਾਲ ਵਲੋਂ ਅੱਜ ਸਵੈਇੱਛਕ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਹਿੱਸਾ ਲੈਂਦਿਆਂ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਇਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਮਲਟੀ ਸਪੈਸ਼ਲਿਟੀ ਹੋਸਪੀਟਲ ਸ੍ਰੀ ਅਨੰਦਪੁਰ ਸਾਹਿਬ ਦੀ ਮਾਹਿਰ ਡਾਕਟਰੀ ਟੀਮ ਨੇ ਖੂਨ ਇਕੱਠਾ ਕਰਨ ਦੀ ਸੇਵਾ ਨਿਭਾਈ | ਟੀਮ ਵਲੋਂ ਕੁੱਲ 21 ਯੂਨਿਟ ਖੂਨ ਇਕੱਠਾ ਕੀਤਾ ਗਿਆ | ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ, ਜਿਸ ਨਾਲ ਕਿਸੇ ਵੀ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਹਾਲਤਾਂ ਵਿਚ ਖੂਨ ਦੀ ਕਮੀ ਨਾ ਆਵੇ | ਕੈਂਪ ਦੇ ਆਯੋਜਕਾਂ ਨੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਸਮਾਜ ਵਿਚ ਸੇਵਾ ਅਤੇ ਭਲਾਈ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਸਮਾਜ ਸੇਵੀ ਸੁਰੇਸ਼ ਕੁਮਾਰ ਨੇ 68ਵੀਂ ਵਾਰ ਖ਼ੂਨਦਾਨ ਕੀਤਾ | ਇਸ ਮੌਕੇ ਖ਼ੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਸਤੀਆਵਾਂਨ, ਮੁਕੇਸ਼ ਕੁਮਾਰ, ਬਜਰੰਗ ਗੋਸਵਾਮੀ ਆਦਿ ਅਤੇ ਹਸਪਤਾਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |