ਨੰਗਲ, 19 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਅੱਜ ਗੁਰਦੁਆਰਾ ਸਿੰਘ ਸਭਾ ਸੈਕਟਰ ਦੋ ਨਵਾਂ ਨੰਗਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੰਗਲ ਖੇਤਰ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਕਰਵਾਏ, ਇਸ ਸਮਾਗਮ ਵਿਚ ਗੁਰਮੁਖੀ 35 ਅੱਖਰੀ ਅਤੇ ਪੰਜਾਬੀ ਲਿਪੀ ਅੱਖਰ ਕਾਰੀ ਲਿਖੀ ਗਈ | ਇਹਨਾਂ ਮੁਕਾਬਲਿਆਂ ਵਿਚ ਨਰਸਰੀ ਤੋਂ ਲੈ ਕੇ ਵਡੇਰੀ ਉਮਰ ਤੱਕ ਹਰੇਕ ਉਮਰ/ਵਰਗ ਦੇ ਵੀਰਾ ਭੈਣਾਂ ਨੇ ਭਾਗ ਲਿਆ | ਇਸ ਮੌਕੇ ਹਰਮਿੰਦਰ ਸਿੰਘ ਨੇ ਬੋਲਦਿਆਂ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਨੇ ਤਨ ਮਨ ਨਾਲ ਇੱਕ ਚਿੱਤ ਹੋ ਕੇ ਹੱਥੀਂ ਸੇਵਾ ਕਰਕੇ ਗੁਰਗੱਦੀ ਪ੍ਰਾਪਤ ਕੀਤੀ ਅਤੇ ਲਹਿਣੇ ਤੋਂ ਗੁਰੂ ਅੰਗਦ ਦੇਵ ਜੀ (ਦੂਜੀ ਪਾਤਸ਼ਾਹੀ) ਬਣੇ | ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਦਾ ਸੁਧਾਰ ਕਰਕੇ ਉਸ ਦਾ ਪ੍ਰਚਾਰ ਕੀਤਾ ਅਤੇ ਆਪ ਖ਼ੁਦ ਬੈਠ ਕੇ ਬੱਚਿਆਂ ਨੂੰ ਗੁਰਮੁਖੀ ਲਿਪੀ ਪੜਾਇਆ ਕਰਦੇ ਸਨ | ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਮੱਲ ਅਖਾੜੇ ਚਲਾ ਕੇ ਨਰੋਈ ਸਿਹਤ ਰੱਖਣ ਵੱਲ ਪ੍ਰੇਰਿਆ | ਗੁਰੂ ਅੰਗਦ ਪਾਤਿਸ਼ਾਹ ਨੇ ਲੰਗਰ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਜਾਤ ਪਾਤ ਦੇ ਹੰਕਾਰ ਨੂੰ ਤੋੜ ਕੇ ਇੱਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਤੋਰਿਆ | ਸਮਾਗਮ ਦੇ ਅੰਤ 'ਚ ਅੱਖਰ ਕਾਰੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਕਿਤਾਬਾਂ ਰੂਪੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਨਯਾ ਨੰਗਲ ਦੇ ਪ੍ਰਧਾਨ ਤਰਲੋਚਨ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਾਬਕਾ ਪ੍ਰਧਾਨ ਹਰਜੀਤ ਸਿੰਘ, ਬਲਵਿੰਦਰ ਸਿੰਘ, ਹਰਚਰਨ ਸਿੰਘ, ਜਸਕੀਰਤ ਸਿੰਘ, ਮਨਪ੍ਰੀਤ ਸਿੰਘ, ਸੂਬਾ ਪ੍ਰਧਾਨ ਹਰਜੀਤ ਸਿੰਘ, ਸੁਰਜੀਤ ਸਿੰਘ ਹੀਰਾ, ਇੰਦਰਜੀਤ ਸਿੰਘ, ਹਰਜੀਤ ਕੌਰ, ਸਤਿੰਦਰ ਪਾਲ ਕੌਰ ਅਤੇ ਮਾਤਾ ਗੁਜਰੀ ਇਸਤਰੀ ਸਤਸੰਗ ਸਭਾ ਦੀਆਂ ਬੀਬੀਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈਆਂ | 30 ਦੇ ਕਰੀਬ ਸਕੂਲੀ ਬੱਚਿਆਂ ਨੇ ਅਤੇ 25 ਦੇ ਕਰੀਬ ਵਡੇਰੀ ਉਮਰ ਦੇ ਵੀਰਾਂ ਭੈਣਾਂ ਨੇ ਇਸ ਗੁਰਮੁਖੀ ਲਿਪੀ 35 ਅੱਖਰੀ ਅੱਖਰ ਕਾਰੀ ਮੁਕਾਬਲੇ 'ਚ ਹਿੱਸਾ ਲਿਆ |