ਸੰਤੋਖਗੜ੍ਹ, 21 ਅਪ੍ਰੈਲ (ਧਰਮ ਪਾਲ)-ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਮੁਕੇਸ਼ ਅਗਨੀਹੋਤਰੀ 22 ਅਪ੍ਰੈਲ ਨੂੰ ਹਰੋਲੀ ਦੇ ਰੋੜਾ ਵਿਖੇ ਸਥਾਪਿਤ ਰਾਜ ਦੇ ਪਹਿਲੇ ਆਟੋਮੇਟਿਡ ਡਰਾਈਵਿੰਗ ਟੈੱਸਟ ਟਰੈਕ ਅਤੇ ਟਰੈਫ਼ਿਕ ਪਾਰਕ ਦਾ ਉਦਘਾਟਨ ਕਰਨਗੇ | ਇਸ ਬਾਰੇ ਖੇਤਰੀ ਆਵਾਜਾਈ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਮਾਗਮ ਬੁੱਧਵਾਰ ਨੂੰ ਸਵੇਰੇ 10:30 ਵਜੇ ਹੋਣ ਵਾਲਾ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਰਾਜ ਆਪਣਾ ਪਹਿਲਾ ਆਟੋਮੇਟਿਡ ਡਰਾਈਵਿੰਗ ਟੈੱਸਟ ਟਰੈਕ ਅਤੇ ਟਰੈਫ਼ਿਕ ਪਾਰਕ ਪ੍ਰਾਪਤ ਕਰੇਗਾ | ਇਹ ਅਤਿ-ਆਧੁਨਿਕ ਟਰੈਕ ਡਰਾਈਵਿੰਗ ਲਾਇਸੈਂਸ ਟੈਸਟਿੰਗ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਤਕਨਾਲੋਜੀ-ਅਧਾਰਤ ਅਤੇ ਪਾਰਦਰਸ਼ੀ ਬਣਾ ਦੇਵੇਗਾ, ਜਿਸ ਨਾਲ ਮਨੁੱਖੀ ਦਖ਼ਲਅੰਦਾਜ਼ੀ ਘੱਟ ਹੋਵੇਗੀ ਅਤੇ ਯੋਗ ਉਮੀਦਵਾਰਾਂ ਦਾ ਨਿਰਪੱਖ ਮੁਲਾਂਕਣ ਯਕੀਨੀ ਬਣਾਇਆ ਜਾ ਸਕੇਗਾ | ਇਸ ਤੋਂ ਇਲਾਵਾ ਟਰੈਫ਼ਿਕ ਪਾਰਕ ਰਾਹੀਂ ਆਮ ਜਨਤਾ ਖ਼ਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾਵੇਗਾ ਜਿਸ ਨਾਲ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇਗਾ |