ਘਾੜ ਇਲਾਕਾ ਭੂ ਮਾਫੀਆ ਅਤੇ ਜੰਗਲ ਲੱਕੜ ਚੋਰੀ ਕਰਨ ਵਾਲਿਆਂ ਦੇ ਪ੍ਰਭਾਵ ਹੇਠ-ਸਾਬਕਾ ਵਿਧਾਇਕ ਸੰਦੋਆ <br/>
ਅਜੀਤ ਡੈਸਕ
22-04-2026
ਰੂਪਨਗਰ, 21 ਅਪ੍ਰੈਲ (ਸਤਨਾਮ ਸਿੰਘ ਸੱਤੀ)-ਘਾੜ ਇਲਾਕਾ ਪੂਰੀ ਤਰ੍ਹਾਂ ਭੂ ਮਾਫੀਆ, ਜੰਗਲਾਂ ਦੀ ਲੱਕੜ ਚੋਰੀ ਕਰਨ ਵਾਲਿਆਂ ਅਤੇ ਹੋਰ ਮੁਜਰਮਾਨਾ ਤੱਤਾਂ ਦੇ ਪ੍ਰਭਾਵ ਹੇਠ ਆ ਚੁੱਕਾ ਹੈ | ਇਹ ਦੋਸ਼ ਅੱਜ ਰੂਪਨਗਰ ਪ੍ਰੈੱਸ ਕਲੱਬ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਹਰੀਪੁਰ ਨੇ ਲਗਾਏ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕੁਝ ਵਿਸ਼ੇਸ਼ ਕਿਸਮ ਦੇ ਵਿਅਕਤੀ ਮਾਫੀਆ ਦੇ ਸਰਗਣੇ ਬਣੇ ਹੋਏ ਹਨ, ਜਿਨ੍ਹਾਂ ਦੀ ਦਹਿਸ਼ਤ ਕਾਰਨ ਲੋਕ ਡਰੇ ਹੋਏ ਹਨ | ਇੱਥੋਂ ਤੱਕ ਕਿ ਪੁਲਿਸ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਤੋਂ ਖੌਫਜ਼ਦਾ ਹਨ | ਅਮਰਜੀਤ ਸਿੰਘ ਸੰਦੋਆ ਨੇ ਦਾਅਵਾ ਕੀਤਾ ਕਿ ਲੰਘੀ ਰਾਤ ਘਾੜ ਇਲਾਕੇ ਵਿਚ ਖੈਰ ਦੀ ਲੱਕੜ ਚੋਰੀ ਕੀਤੀ ਜਾ ਰਹੀ ਸੀ | ਜਦੋਂ ਪੁਲਿਸ ਨੇ ਮੌਕੇ 'ਤੇ ਛਾਪਾ ਮਾਰਿਆ ਤਾਂ ਉੱਥੇ ਮੌਜੂਦ ਮਾਫੀਆ ਨਾਲ ਜੁੜੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਪੁਲਿਸ ਨਾਲ ਹੱਥੋਪਾਈ ਅਤੇ ਬਦਸਲੂਕੀ ਵੀ ਕੀਤੀ | ਹਾਲਾਂਕਿ ਪੁਲਿਸ ਨੇ ਲੱਕੜ ਬਰਾਮਦ ਕਰਕੇ ਸੰਬੰਧਿਤ ਵਿਅਕਤੀਆਂ 'ਤੇ ਸਖ਼ਤ ਕਾਰਵਾਈ ਦਾ ਦਾਅਵਾ ਕੀਤਾ ਹੈ ਪਰ ਪੁਲਿਸ ਨਾਲ ਵਧੀਕੀ ਸਬੰਧੀ ਕਾਰਵਾਈ ਤੋਂ ਪੱਲਾ ਝਾੜ ਰਹੀ ਹੈ, ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਜਾਂਚ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਇਸ ਇਲਾਕੇ ਵਿਚ ਵੱਡੇ ਫਾਰਮ ਹਾਊਸਾਂ ਨਾਲ ਜੁੜੇ ਘਪਲੇ ਚਰਚਾ ਵਿਚ ਰਹੇ ਸਨ, ਜਿਨ੍ਹਾਂ ਵਿਚ ਕੁੱਝ ਉੱਚ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਸਨ, ਪਰ ਉਹ ਮਾਮਲੇ ਵੀ ਅੱਗੇ ਨਹੀਂ ਵਧੇ | ਹੁਣ ਤਾਜ਼ਾ ਘਟਨਾਵਾਂ ਨੇ ਲੋਕਾਂ ਨੂੰ ਹੋਰ ਸਹਿਮ ਵਿਚ ਪਾ ਦਿੱਤਾ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨਾਲ ਜੁੜਿਆ ਇੱਕ ਕਥਿਤ ਆਗੂ, ਜਿਸ 'ਤੇ ਮਾਫੀਆ ਕਿਸਮ ਦੀਆਂ ਗਤੀਵਿਧੀਆਂ ਦੇ ਦੋਸ਼ ਹਨ, ਫੋਨ ਰਾਹੀਂ ਇਲਾਕੇ ਦੇ ਇੱਕ ਵੱਡੇ ਅਖਬਾਰ ਨਾਲ ਸੰਬੰਧਿਤ ਪੱਤਰਕਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਸਬੰਧੀ ਆਡੀਓ ਵੀ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਣਾਈ ਗਈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ | ਇੱਕ ਹੋਰ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿਚ ਇੱਕ ਹੋਟਲ 'ਤੇ ਦੇਹ ਵਪਾਰ ਦੇ ਧੰਦੇ ਵਿਚ ਨਾਮਜ਼ਦ ਵਿਅਕਤੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਸਧਾਰਨ ਜਾਣ-ਪਛਾਣ ਹੋ ਸਕਦੀ ਹੈ, ਪਰ ਹੁਣ ਨਾ ਕੋਈ ਸੰਪਰਕ ਹੈ ਅਤੇ ਨਾ ਹੀ ਕੋਈ ਸਬੰਧ | ਜੇ ਕੋਈ ਵਿਅਕਤੀ ਗਲਤ ਕੰਮ ਕਰਦਾ ਹੈ ਤਾਂ ਉਸ ਦੀ ਸਜ਼ਾ ਉਹ ਖੁਦ ਭੁਗਤੇਗਾ | ਅੰਤ ਵਿਚ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਉਹ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਰਹਿਣਗੇ | ਇਸ ਮੌਕੇ ਉਨ੍ਹਾਂ ਨਾਲ ਘਾੜ ਇਲਾਕੇ ਦੇ ਕੁੱਝ ਨੌਜਵਾਨ ਵੀ ਮੌਜੂਦ ਸਨ |