ਨੂਰਪੁਰ ਬੇਦੀ, 21 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਹਿਮਾਚਲ ਐਂਟਰੀ ਟੈਕਸ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਵਿਰੋਧ ਦੀ ਲਹਿਰ ਦਿਨੋਂ ਦਿਨ ਲਗਾਤਾਰ ਤੇਜ਼ ਹੋ ਰਹੀ ਹੈ | ਜਿਸ ਤਹਿਤ ਨੂਰਪੁਰ ਬੇਦੀ ਵਿਖੇ ਇਲਾਕੇ ਦੇ ਵੱਖ-ਵੱਖ ਯੂਥ ਕਲੱਬਾਂ ਨਾਲ ਜੁੜੇ ਨੌਜਵਾਨਾਂ ਵਲੋਂ ਹਿਮਾਚਲ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਅਤੇ ਨੂਰਪੁਰ ਬੇਦੀ ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਬਿੰਦਰ ਸਿੰਘ ਭੱਗਲ, ਕਪਿਲ ਦੇਵ ਬਾਵਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ 1975 ਦੇ ਟੋਲ ਐਕਟ ਦੇ ਨਾਂਅ 'ਤੇ ਹਿਮਾਚਲ ਸਰਕਾਰ ਵਲੋਂ ਪੰਜਾਬ ਸਮੇਤ ਹੋਰ ਰਾਜਾਂ ਦੇ ਵਾਹਨਾਂ 'ਤੇ ਲਗਾਇਆ ਜਾ ਰਿਹਾ ਐਂਟਰੀ ਟੈਕਸ ਸਿੱਧੀ ਲੁੱਟ ਹੈ, ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਦਿ੍ੜ੍ਹਤਾ ਨਾਲ ਕਿਹਾ ਕਿ ਇਹ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਟੈਕਸ ਪੂਰੀ ਤਰ੍ਹਾਂ ਰੱਦ ਨਹੀਂ ਹੋ ਜਾਂਦਾ | ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਨੂਰਪੁਰ ਬੇਦੀ ਦੇ ਪਿੰਡਾਂ ਦੇ ਨਾਲ-ਨਾਲ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਕੀਰਤਪੁਰ ਸਾਹਿਬ, ਘਨੌਲੀ ਅਤੇ ਰੂਪਨਗਰ-ਪੁਰਖਾਲੀ ਖੇਤਰਾਂ ਵਿਚ ਵੀ ਵੱਡੇ ਪੱਧਰ 'ਤੇ ਇਕੱਠ ਕਰਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਇਸ ਦੌਰਾਨ ਮੌਜੂਦ ਨੌਜਵਾਨਾਂ ਵਲੋਂ Tਹਿਮਾਚਲ ਪ੍ਰਦੇਸ਼ ਸਰਕਾਰ ਮੁਰਦਾਬਾਦ, Tਸੁੱਖੂ ਮੁੱਖ ਮੰਤਰੀ ਮੁਰਦਾਬਾਦ, Tਨੌਜਵਾਨਾਂ ਦੀ ਏਕਤਾ ਜ਼ਿੰਦਾਬਾਦU ਅਤੇ Tਇਨਕਲਾਬ ਜ਼ਿੰਦਾਬਾਦU ਦੇ ਜ਼ੋਰਦਾਰ ਨਾਅਰੇ ਵੀ ਗੂੰਜੇ | ਗੌਰਵ ਰਾਣਾ ਨੇ ਸੰਘਰਸ਼ ਲਈ ਹਮਾਇਤ ਦੇਣ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਨੌਜਵਾਨਾਂ ਦੀ ਤਾਕਤ ਨਾਲ ਹੀ ਵੱਡੇ ਸੰਘਰਸ਼ ਫ਼ਤਿਹ ਹੁੰਦੇ ਹਨ | ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਿਮਾਚਲ ਸਰਕਾਰ ਨੂੰ ਪੰਜਾਬ ਨਾਲ ਲੱਗਦੇ 33 ਬਾਰਡਰਾਂ 'ਤੇ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪਵੇਗਾ |