ਐੱਸ. ਏ. ਐੱਸ. ਨਗਰ, 21 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ 912.63 ਕਰੋੜ ਰੁ. ਦੇ ਮੁਹਾਲੀ ਨੈਕਸਟ ਜਨਰੇਸ਼ਨ ਰੋਡ ਪ੍ਰੋਗਰਾਮ ਨੂੰ ਲੈ ਕੇ 'ਆਪ' ਸਰਕਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਬੇਮਿਸਾਲ ਲੁੱਟ ਦੱਸਿਆ ਅਤੇ ਨਾਲ ਹੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਮੰਤਰੀ ਸਿੱਧੂ ਨੇ ਮੁੱਖ ਤੌਰ 'ਤੇ ਇਸ ਪ੍ਰਾਜੈਕਟ ਦੇ ਠੇਕੇ ਲਈ ਕਿਸੇ ਹੋਰ ਸੂਬੇ ਦੀ ਕੰਪਨੀ 'ਗਵਾਰ ਕੰਨਸਟਰੱਕਸ਼ਨ ਲਿਮ.' ਦੀ ਚੋਣ ਕੀਤੇ ਜਾਣ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ, ਜੋ ਕਿ ਕਈ ਹੋਰਨਾਂ ਰਾਜਾਂ 'ਚ ਘਟੀਆ ਕੰਮ ਅਤੇ ਲਾਪ੍ਰਵਾਹੀ ਲਈ ਸੁਰਖੀਆਂ 'ਚ ਰਹਿ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇੰਨਾ ਵੱਡਾ ਪ੍ਰਾਜੈਕਟ ਇਕ ਅਜਿਹੀ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ਦਾ ਹਿਮਾਚਲ ਅਤੇ ਰਾਜਸਥਾਨ 'ਚ ਰਿਕਾਰਡ ਸ਼ੱਕੀ ਹੈ | ਉਨ੍ਹਾਂ ਦੱਸਿਆ ਕਿ ਇਹ ਕੰਪਨੀ ਪਰਵਾਣੂ-ਸ਼ਿਮਲਾ ਹਾਈਵੇਅ ਦੇ ਨਿਰਮਾਣ ਮੌਕੇ ਲਾਪ੍ਰਵਾਹੀ ਵਰਤੇ ਜਾਣ ਕਾਰਨ ਪਹਿਲਾਂ ਹੀ ਜਾਂਚ ਦੇ ਘੇਰੇ 'ਚ ਚੱਲ ਰਹੀ ਹੈ | ਇਸ ਤੋਂ ਇਲਾਵਾ ਰਾਜਸਥਾਨ 'ਚ ਵੀ ਇਸ ਕੰਪਨੀ 'ਤੇ ਕੰਮ ਦੀ ਗੁਣਵੱਤਾ ਬਾਰੇ ਸਵਾਲ ਉੱਠ ਚੁੱਕੇ ਹਨ, ਜਿਸ ਨਾਲ ਮੁਹਾਲੀ 'ਚ ਬਣਨ ਵਾਲੇ ਢਾਂਚੇ ਦੀ ਮਜ਼ਬੂਤੀ ਪ੍ਰਤੀ ਸ਼ੱਕ ਪੈਦਾ ਹੁੰਦਾ ਹੈ | ਸਾਬਕਾ ਮੰਤਰੀ ਸਿੱਧੂ ਨੇ ਇਸ ਪ੍ਰਾਜੈਕਟ ਦੀ ਭਾਰੀ ਲਾਗਤ 'ਤੇ ਵੀ ਸਵਾਲ ਉਠਾਏ, ਜਿਸ ਅਨੁਸਾਰ ਹਰ ਕਿੱਲੋਮੀਟਰ ਲਈ ਲਗਭਗ 11 ਕਰੋੜ ਰੁ. ਖ਼ਰਚਾ ਕੀਤਾ ਜਾ ਰਿਹਾ ਹੈ, ਜੋ ਕਿ ਸਿਰਫ਼ ਸ਼ਹਿਰੀ ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਵਧਾਉਣ ਲਈ ਹੈ | ਉਨ੍ਹਾਂ ਕਿਹਾ ਕਿ ਇਹ ਵਿਕਾਸ ਨਹੀਂ, ਸਗੋਂ ਦਿਨ ਦਿਹਾੜੇ ਪੰਜਾਬ ਦੇ ਖ਼ਜ਼ਾਨੇ 'ਤੇ ਡਾਕਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸਥਾਨਕ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੀ ਕੰਪਨੀਆਂ ਨੂੰ ਤਰਜ਼ੀਹ ਦੇ ਰਹੀ ਹੈ | ਇਸ ਤਰ੍ਹਾਂ ਦੇ ਮਹਿੰਗੇ ਰੇਟਾਂ 'ਤੇ ਟੈਂਡਰ ਦੇ ਕੇ ਪੰਜਾਬ ਦੇ ਸ੍ਰੋਤਾਂ ਨੂੰ ਜਾਣ-ਬੁੱਝ ਕੇ ਬਾਹਰ ਵੱਲ ਧੱਕ ਰਹੀ ਹੈ |