ਕੁਰਾਲੀ, 21 ਅਪ੍ਰੈਲ (ਬਿੱਲਾ ਅਕਾਲਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਅੱਜ ਕੁਰਾਲੀ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਵਿਆਪਕ ਹੋ ਰਹੇ ਕਣਕ ਦੇ ਖ਼ਰੀਦ ਸੰਕਟ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਖੇੜਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਇਸ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਮੰਡੀਆਂ ਪਹਿਲਾਂ ਹੀ ਭਰ ਚੁੱਕੀਆਂ ਹਨ ਅਤੇ ਸਰਕਾਰੀ ਗੁਦਾਮਾਂ 'ਚ ਵੀ ਥਾਂ ਨਹੀਂ ਬਚੀ | ਜ਼ਮੀਨ 'ਤੇ ਕਣਕ ਦੇ ਢੇਰ ਲੱਗੇ ਹੋਏ ਹਨ ਅਤੇ ਸਰਕਾਰ ਵਲੋਂ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ | ਖੇੜਾ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਾਹਮਣੇ ਪੰਜਾਬ ਦਾ ਮਾਮਲਾ ਢੰਗ ਨਾਲ ਨਾ ਰੱਖਣ ਲਈ ਜ਼ਿੰਮੇਵਾਰ ਠਹਿਰਾਇਆ, ਖਾਸ ਕਰਕੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ, ਲਿਹਾਜ਼ਾ ਉਹ ਮੁਆਵਜ਼ੇ ਅਤੇ ਖ਼ਰੀਦ ਨਿਯਮਾਂ 'ਚ ਢਿੱਲ ਦੇ ਹੱਕਦਾਰ ਹਨ | ਖੇੜਾ ਨੇ ਕੇਂਦਰ ਸਰਕਾਰ 'ਤੇ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੋਟਾਂ ਦੀ ਰਾਜਨੀਤੀ 'ਚ ਰੁਝੀ ਹੋਈ ਹੈ, ਪਰ ਕੇਂਦਰ ਤੋਂ ਕਿਸਾਨਾਂ ਲਈ ਕੋਈ ਰਾਹਤ ਨਹੀਂ ਲਿਆ ਸਕੀ | ਉਨ੍ਹਾਂ ਕਿਹਾ ਕਿ ਅਸਲ 'ਚ ਕੇਂਦਰ ਤੇ ਸੂਬਾ ਸਰਕਾਰ ਦੀ ਬੇਪ੍ਰਵਾਹੀ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਤੁਰੰਤ ਲਿਫ਼ਟਿੰਗ ਤੇ ਗੁਦਾਮਾਂ ਦਾ ਪ੍ਰਬੰਧ ਕਰਨ ਸਮੇਤ ਫ਼ਸਲ ਦੇ ਨੁਕਸਾਨ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ, ਨਹੀਂ ਤਾਂ ਅਕਾਲੀ ਦਲ ਕਿਸਾਨਾਂ ਨਾਲ ਮਿਲ ਕੇ ਵਿਆਪਕ ਸੰਘਰਸ਼ ਵਿੱਢੇਗਾ | ਇਸ ਮੌਕੇ ਹਰਦੀਪ ਸਿੰਘ ਖਿਜ਼ਰਾਬਾਦ, ਅਵਤਾਰ ਸਿੰਘ ਸਲੇਮਪੁਰ, ਮਨਮੋਹਨ ਮਾਵੀ ਮੋਹਣੀ ਬੜੌਦੀ, ਜਸਪਾਲ ਸਿੰਘ ਲੱਕੀ, ਨੋਨਾ ਪਡਿਆਲਾ, ਰਾਹੁਲ ਖੁੱਲਰ, ਮੰਡੀ ਪ੍ਰਧਾਨ ਮਨਜੀਤ ਸਿੰਘ, ਸੁਮਿਤ ਅਗਰਵਾਲ, ਪੁਨੀਤ ਜੋਸ਼ੀ, ਵਿਜੇ ਕੁਮਾਰ, ਸੰਜੇ ਗੋਇਲ, ਰਾਜ ਕੁਮਾਰ, ਮੰਨੂ ਘਈ, ਸ਼ਿਵ ਕੁਮਾਰ ਗੁਪਤਾ, ਸੰਜੀਵ ਕੁਮਾਰ, ਸੁਪਿੰਦਰ ਅਗਰਵਾਲ ਅਤੇ ਰਣਜੀਤ ਕੁਮਾਰ ਘਈ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |