ਸ਼੍ਰੀ ਅਨੰਦਪੁਰ ਸਾਹਿਬ, 22 ਅਪ੍ਰੈਲ (ਕਰਨੈਲ ਸਿੰਘ)-ਪੰਜਾਬ ਭਾਜਪਾ ਦੇ ਸਾਬਕਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਆਸੀ ਸਰਪ੍ਰਸਤੀ ਹੇਠ ਹਲਕੇ 'ਚ ਨਜਾਇਜ਼ ਮਾਈਨਿੰਗ, ਨਸ਼ੇ ਦਾ ਕਾਰੋਬਾਰ ਅਤੇ ਗੁੰਡਾਗਰਦੀ 'ਚ ਅਥਾਹ ਵਾਧਾ ਹੋਇਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰੇ ਗ਼ੈਰਕਾਨੰੂਨੀ ਕਾਰੋਬਾਰ ਬਿਨਾਂ ਸਿਆਸੀ ਪਨਾਹ ਦੇ ਸੰਭਵ ਨਹੀਂ ਹਨ, ਜਿਸ ਨਾਲ ਸਾਬਤ ਹੁੰਦਾ ਹੈ ਕਿ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ | ਮਿੱਤਲ ਨੇ ਦਾਅਵਾ ਕੀਤਾ ਕਿ ਰੋਜ਼ਾਨਾ ਵੱਡੀ ਗਿਣਤੀ 'ਚ ਨਜਾਇਜ਼ ਮਾਈਨਿੰਗ ਨਾਲ ਸੰਬੰਧਿਤ ਸਮਰੱਥਾ ਤੋਂ ਵੱਧ ਮਾਲ ਭਰ ਕੇ ਆਮ ਲੋਕਾਂ ਲਈ ਮੌਤ ਦਾ ਸਮਾਨ ਸਾਬਤ ਹੋ ਰਹੇ ਹਨ | ਪਰ ਸਿਆਸੀ ਦਬਾਅ ਕਰਕੇ ਪ੍ਰਸ਼ਾਸਨ ਬੇਵੱਸ ਹੋਇਆ ਕੋਈ ਕਾਰਵਾਈ ਨਹੀਂ ਕਰ ਰਿਹਾ | ਉਨ੍ਹਾਂ ਕਿਹਾ ਕਿ ਡੀਸਿਲਟਿੰਗ ਦੇ ਨਾਂ 'ਤੇ ਵੱਡੇ ਪੱਧਰ 'ਤੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨ ਤੋਂ ਇਨਸਾਫ਼ ਦੀ ਉਮੀਦ ਹੁੰਦੀ ਹੈ, ਪਰ ਮੌਜੂਦਾ ਹਾਲਾਤਾਂ 'ਚ ਅਧਿਕਾਰੀ ਵੀ ਅਸਮਰਥ ਨਜ਼ਰ ਆ ਰਹੇ ਹਨ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਕਾਰ ਨੂੰ ਬਦਲਣ ਲਈ ਉਤਾਵਲੇ ਹਨ |