ਬੇਲਾ, 25 ਅਪ੍ਰੈਲ (ਮਨਜੀਤ ਸਿੰਘ ਸੈਣੀ)-ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ 'ਤੇ ਗ੍ਰਾਮ ਪੰਚਾਇਤ ਭਲਿਆਣ ਵਲੋਂ ਗ੍ਰਾਮ ਸਭਾ ਦਾ ਵਿਸ਼ੇਸ਼ ਆਯੋਜਨ ਗੁਰੂ ਰਵੀਦਾਸ ਧਰਮਸ਼ਾਲਾ ਵਿਚ ਕੀਤਾ ਗਿਆ, ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਾਈ | ਇਸ ਮੌਕੇ ਗ੍ਰਾਮ ਪੰਚਾਇਤ ਭਲਿਆਣ ਵਲੋਂ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਡਿਜੀਟਲ ਵੈੱਬ ਪੋਰਟਲ ਪੇਜ ਜਾਰੀ ਕੀਤਾ ਗਿਆ, ਜਿਸ ਰਾਹੀਂ ਹੁਣ ਪਿੰਡ ਵਾਸੀ ਘਰ ਬੈਠੇ ਹੀ ਪੰਚਾਇਤ ਨਾਲ ਜੁੜ ਸਕਣਗੇ ਅਤੇ ਆਪਣੇ ਸੁਝਾਅ ਤੇ ਸਮੱਸਿਆਵਾਂ ਆਨਲਾਈਨ ਸਾਂਝੀਆਂ ਕਰ ਸਕਣਗੇ | ਇਹ ਵੈੱਬ ਸਾਈਟ ਪਿੰਡ ਦੇ ਹੀ ਨੌਜਵਾਨ ਹਰਿੰਦਰ ਸਿੰਘ ਵਲੋਂ ਬਣਾਈ ਗਈ ਹੈ, ਜੋ ਕਿ ਇਸ ਸਮੇਂ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾ ਰਹੇ ਹਨ | ਗ੍ਰਾਮ ਸਭਾ ਦੌਰਾਨ ਸਰਪੰਚ ਸਤਵੀਰ ਸਿੰਘ ਸੱਤੀ ਵਲੋਂ ਪੰਚਾਇਤ ਵਲੋਂ ਕੀਤੀਆਂ ਗਈਆਂ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਪਿੰਡ ਦੀ ਤਰੱਕੀ ਲਈ ਪੰਚਾਇਤ ਲਗਾਤਾਰ ਯਤਨਸ਼ੀਲ ਹੈ ਅਤੇ ਹਰ ਯੋਜਨਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮੈਡਮ ਬਲਜਿੰਦਰ ਕੌਰ (ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡੈਵੋਲਪਮੈਂਟ ਪੰਚਾਇਤੀ ਰਾਜ) ਵਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਅਤੇ ਪੰਚਾਇਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ | ਇਸ ਤੋਂ ਇਲਾਵਾ ਸ. ਸੁਖਰਾਜ ਸਿੰਘ (ਸੀਨੀਅਰ ਟਰੇਨਰ) ਵਲੋਂ ਪੰਚਾਇਤੀ ਐਡਵਾਂਸਮੈਂਟ ਇੰਡੈੱਕਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਦੇ ਲਾਭਾਂ ਬਾਰੇ ਵੀ ਸਮਝਾਇਆ ਗਿਆ | ਬੀ.ਡੀ.ਪੀ.ਓ ਦਫ਼ਤਰ ਚਮਕੌਰ ਸਾਹਿਬ ਤੋਂ ਪਹੁੰਚੇ ਰਾਜਵੀਰ ਸਿੰਘ ਨੇ ਪਿੰਡਾਂ ਦੇ ਵਿਕਾਸ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਪੰਚਾਇਤ ਸੈਕਟਰੀ ਰਾਮਜੀਤ ਸਿੰਘ ਵਲੋਂ ਗ੍ਰਾਮ ਸਭਾ ਇਜਲਾਸ ਦੌਰਾਨ ਮਤਾ ਪੜ੍ਹ ਕੇ ਸੁਣਾਇਆ ਗਿਆ, ਜਿਸ ਨੂੰ ਹਾਜ਼ਰ ਮੈਂਬਰਾਂ ਵਲੋਂ ਮਨਜ਼ੂਰੀ ਦਿੱਤੀ ਗਈ | ਅੰਤ ਵਿਚ ਪੰਚ ਨਰਿੰਦਰ ਸਿੰਘ ਵਲੋਂ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪੰਚਾਇਤ ਮੈਂਬਰ ਸਤਨਾਮ ਸਿੰਘ, ਬਲਜਿੰਦਰ ਸਿੰਘ, ਹਰਜੀਤ ਕੌਰ, ਸੁਰਿੰਦਰ ਕੌਰ, ਕਮਲਪ੍ਰੀਤ ਕੌਰ ਅਤੇ ਪਿੰਡ ਵਾਸੀ ਬਹਾਦਰ ਸਿੰਘ, ਦਵਿੰਦਰ ਸਿੰਘ, ਨਰਿੰਦਰ ਸਿੰਘ ਗੋਗੀ, ਹਰਪਾਲ ਸਿੰਘ ਬਿੱਟੂ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ , ਅਮਰਜੀਤ ਸਿੰਘ ਆਦਿ ਹਾਜ਼ਰ ਸਨ |