ਕਾਹਨਪੁਰ ਖੂਹੀ, 25 ਅਪ੍ਰੈਲ, (ਗੁਰਬੀਰ ਸਿੰਘ ਵਾਲੀਆ)-ਖੇਤਰ ਦੇ ਪਿੰਡ ਰਾਮਪੁਰ ਕਲਾਂ ਅਤੇ ਰਾਮਪੁਰ ਠੋਡਾ ਦੇ ਨੰਬਰਦਾਰ ਚੌਧਰੀ ਮਹਿੰਦਰ ਪਾਲ ਨੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਗੁੱਜਰ ਬਰਾਦਰੀ ਨੂੰ ਜੋ ਬਣਦਾ ਮਾਣ-ਸਤਿਕਾਰ ਮਿਲ ਰਿਹਾ ਹੈ, ਉਹ ਪਹਿਲਾਂ ਕਦੇ ਵੀ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਬੀਤੇ ਕਈ ਸਾਲਾਂ ਦੌਰਾਨ ਹਲਕੇ ਵਿਚ ਕਈ ਵਿਧਾਇਕ ਬਣੇ, ਪਰ ਕਿਸੇ ਨੇ ਵੀ ਗੁੱਜਰ ਸਮਾਜ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਸੁਣਿਆ | ਉਨ੍ਹਾਂ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਨੇ ਅਸਲ ਮਾਇਨੇ 'ਚ ਗੁੱਜਰ ਭਾਈਚਾਰੇ ਦੀ ਬਾਂਹ ਫੜੀ ਹੈ ਅਤੇ ਸਮਾਜ ਨੂੰ ਸਰਕਾਰੀ ਅਦਾਰਿਆਂ ਵਿਚ ਯੋਗ ਪ੍ਰਤੀਨਿਧਤਾ ਦਿੱਤੀ ਹੈ | ਉਨ੍ਹਾਂ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਸੀਨੀਅਰ ਆਗੂ ਚੌਧਰੀ ਹੁਸਨ ਨਾਲ ਚੌਹਾਨ ਦੀ ਧਰਮ ਪਤਨੀ ਨੂੰ ਲੈਂਡ ਮੋਰਗੇਜ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਨੌਜਵਾਨ ਆਗੂ ਨਰਿੰਦਰ ਝਾਂਡੀਆਂ ਨੂੰ ਪੰਜਾਬ ਸਰਕਾਰ ਦੇ ਗੁੱਜਰ ਵੈੱਲਫੇਅਰ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਮਨਜੀਤ ਭੂੰਬਲਾ ਬੂਥਗੜ੍ਹ ਦੀ ਧਰਮ ਪਤਨੀ ਸੁਨੀਤਾ ਦੇਵੀ ਨੂੰ ਬਲਾਕ ਸੰਮਤੀ ਨੂਰਪੁਰ ਬੇਦੀ ਦਾ ਚੇਅਰਮੈਨ ਨਿਯੁਕਤ ਕਰਨਾ ਵੀ ਗੁੱਜਰ ਸਮਾਜ ਲਈ ਮਾਣ ਦੀ ਗੱਲ ਹੈ | ਚੌਧਰੀ ਲੇਖ ਰਾਮ ਬਜਾੜ ਬਾਲੇਵਾਲ ਨੂੰ ਵੀ ਗੁੱਜਰ ਵੈੱਲਫੇਅਰ ਬੋਰਡ ਮਾਝਾ ਜੋਨ ਦਾ ਇੰਚਾਰਜ ਬਣਾਇਆ ਗਿਆ ਹੈ, ਜਿਸ ਨਾਲ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ |