ਨੂਰਪੁਰ ਬੇਦੀ, 25 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਡਾ.ਹਰਪ੍ਰੀਤ ਕੌਰ ਐਸ.ਐਮ.ਓ ਸੀ.ਐਚ.ਸੀ ਨੂਰਪੁਰ ਬੇਦੀ ਦੀ ਅਗਵਾਈ ਹੇਠ ਆਯੁਸ਼ਮਾਨ ਆਰਰੋਗਿਆ ਕੇਂਦਰ ਝਾਂਡੀਆਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਦਰਸ਼ਨ ਸਿੰਘ ਚਾਹਲ ਹੈਲਥ ਵਰਕਰ ਨੇ ਮਲੇਰੀਆ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਇੱਕ ਗੰਭੀਰ ਬੁਖ਼ਾਰ ਹੈ, ਜੋ ਕਿ ਐਨਾਫਲੀਜ਼ ਨਾਂਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਪਾਣੀ ਕਿਸੇ ਵੀ ਥਾਂ ਤੇ ਇਕੱਠਾ ਨਾ ਹੋਣ ਦਿੱਤਾ ਜਾਵੇ | ਉਨ੍ਹਾਂ ਮਲੇਰੀਆ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਲੇਰੀਆ ਠੰਢ ਅਤੇ ਕਾਂਬੇ ਨਾਲ ਤੇਜ਼ ਬੁਖ਼ਾਰ ਚੜ੍ਹਦਾ ਹੈ | ਮਲੇਰੀਆ ਦੇ ਲੱਛਣਾਂ ਵਿਚ ਉਲਟੀਆਂ ਆਉਣਾ ਅਤੇ ਤੇਜ਼ ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ ਅਤੇ ਸਰੀਰ ਦਾ ਪਸੀਨੋ ਪਸੀਨੀ ਹੋਣਾ ਆਦਿ ਸ਼ਾਮਿਲ ਹੁੰਦਾ ਹੈ | ਇਸ ਲਈ ਅਜਿਹੇ ਲੱਛਣ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਆਪਣੇ ਖੂਨ ਦੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ | ਸਰਕਾਰੀ ਸਿਹਤ ਕੇਂਦਰਾਂ ਵਿਚ ਮਲੇਰੀਆ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਮਲੇਰੀਆ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਫ਼ਤੇ ਵਿਚ ਕੂਲਰਾਂ ਦਾ ਪਾਣੀ ਜ਼ਰੂਰ ਬਦਲੋ, ਛੱਤ ਤੇ ਲੱਗੀਆਂ ਪਾਣੀਆਂ ਦੀਆਂ ਟੈਂਕੀਆਂ ਢੱਕ ਕੇ ਰੱਖੋ, ਗਮਲਿਆਂ, ਡਰੱਮ, ਟੁੱਟੇ ਭੱਜੇ ਭਾਂਡੇ ਖ਼ਰਾਬ ਟਾਇਰ, ਟੱਬ, ਖ਼ਾਲੀ ਬੋਤਲਾਂ, ਗਲੀਆਂ, ਛੱਪੜਾਂ, ਨੀਵੀਆਂ ਥਾਵਾਂ, ਟੋਭਿਆਂ ਅਤੇ ਟੋਇਆਂ ਵਿਚ ਖੜੇ ਪਾਣੀ ਨੂੰ ਕੱਢ ਦਿਓ, ਨਾਲੀਆਂ ਵਿਚ ਪਾਣੀ ਨਾ ਖੜ੍ਹਾ ਹੋਣ ਦਿਓ | ਇਸ ਮੌਕੇ 'ਤੇ ਨੀਰੂ ਏ.ਐਨ.ਐਮ, ਪਰਮਜੀਤ ਕੌਰ, ਮਨਿੰਦਰ ਸਿੰਘ, ਗਿਆਨ ਚੰਦ, ਸੁਖਵਿੰਦਰ ਸਿੰਘ ਸਕੂਲ ਅਧਿਆਪਕ, ਆਸ਼ਾ ਵਰਕਰ ਪਿੰਡ ਵਾਸੀ ਹਾਜ਼ਰ ਸਨ |