ਮੋਰਿੰਡਾ, 27 ਅਪ੍ਰੈਲ (ਪਿ੍ਤਪਾਲ ਸਿੰਘ)-ਅੱਜ ਦੇ ਜ਼ਮਾਨੇ ਵਿਚ ਸਰਬੱਤ ਦਾ ਭਲਾ ਮੰਗਣ ਵਾਲੇ ਵਿਰਲੇ ਲੋਕ ਹੁੰਦੇ ਹਨ, ਜੋ ਨਿੱਜ ਸਵਾਰਥ ਤੋਂ ਉਪਰ ਉਠ ਕੇ ਸਰਬੱਤ ਦੇ ਭਲੇ ਲਈ ਕਾਰਜ ਕਰਦੇ ਹਨ | ਇਹ ਵਿਚਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮਹਾਂ ਪੁਰਖ ਬਾਬਾ ਹਰਪ੍ਰੀਤ ਸਿੰਘ ਬੱਲ ਵਲੋਂ ਸਰਬੱਤ ਦੇ ਭਲੇ ਲਈ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਵਿਚ ਸ਼ਾਮਿਲ ਹੋਣ ਸਮੇਂ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਹਨਾਂ ਬਾਬਾ ਹਰਪ੍ਰੀਤ ਸਿੰਘ ਬੱਲ ਵਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਜੀ ਵਲੋਂ ਸਰਬੱਤ ਦੇ ਭਲੇ ਲਈ ਪਿਛਲੇ 8 ਸਾਲ, ਕੋਰੋਨਾ ਕਾਲ ਤੋਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਮੋਰਿੰਡਾ ਵਿਖੇ ਸਹਿਜ ਪਾਠ ਦੀ ਲੜੀ ਆਰੰਭ ਕੀਤੀ ਹੋਈ ਹੈ | ਇਸ ਤੋਂ ਇਲਾਵਾ ਜਿੱਥੇ ਬਾਬਾ ਹਰਪ੍ਰੀਤ ਸਿੰਘ ਬੱਲ ਰੋਜ਼ਾਨਾ ਮਰੀਜ਼ਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ, ਉੱਥੇ ਉਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਗੁੰਮਦ 'ਤੇ ਸੋਨੇ ਦੀ ਸੇਵਾ ਵੀ ਕਰਦੇ ਆ ਰਹੇ ਹਨ | ਉਨ੍ਹਾਂ ਆਖਿਆ ਕਿ ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਹੈ, ਜੋ ਸਰਬੱਤ ਦੇ ਭਲੇ ਲਈ ਕੰਮ ਕਰਦੇ ਹੋਏ ਬਣਿਆ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਸਿੰਘ ਸਾਹਿਬ ਜਸਵਿੰਦਰ ਸਿੰਘ ਅਤੇ ਪਤਵੰਤੇ ਸੱਜਣਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਹਰਪ੍ਰੀਤ ਸਿੰਘ ਬੱਲ, ਮਨਦੀਪ ਸਿੰਘ ਮੱਲ ਮਾਜਰਾ, ਭਗਤ ਸਿੰਘ ਮੌਲੀ, ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੁਹਾਣਾ, ਬਾਬਾ ਗੁਰਦੀਪ ਸਿੰਘ ਮੌੜ ਬਠਿੰਡਾ, ਸਮਾਜ ਸੇਵਕ ਹਰਮਿੰਦਰ ਸਿੰਘ ਲੱਕੀ, ਮੈਨੇਜਰ ਦਵਿੰਦਰ ਸਿੰਘ ਦੇਵਗਨ, ਮਨਿੰਦਰ ਸਿੰਘ ਮਨੀ, ਜਸਵੀਰ ਸਿੰਘ ਸ਼ਾਂਤ ਪੁਰੀ, ਗੁਰਮੁੱਖ ਸਿੰਘ ਸੰਤ ਨਗਰ, ਅਰਵਿੰਦਰ ਸਿੰਘ ਲਾਲਾ, ਬਿਕਰਮਜੀਤ ਸਿੰਘ ਬਿਕੀ, ਹਰਵਿੰਦਰ ਸਿੰਘ, ਹਰਨੇਕ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ |