ਸ੍ਰੀ ਅਨੰਦਪੁਰ ਸਾਹਿਬ, 27 ਅਪ੍ਰੈਲ (ਜੇ ਐਸ ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਮੀਢਵਾਂ ਲੋਅਰ ਦੇ 48 ਸਾਲਾ ਸ਼ਮਸ਼ੇਰ ਸਿੰਘ ਵਲੋਂ ਪੰਜਾਬੀ ਅਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਜੰਡਿਆਲਾ ਗੁਰੂ ਵਿਖੇ ਕਰਵਾਈ ਗਈ 20ਵੀਂ ਕਲਾਸਿਕ ਮਿਸਟਰ ਪੰਜਾਬ ਅਤੇ ਮਿਸਟਰ ਅਮਿ੍ਤਸਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਮਾਸਟਰ ਵਰਗ ਦੇ ਸੁਡੋਲ ਸਰੀਰ ਮੁਕਾਬਲੇ ਅਤੇ ਪੰਜਾ ਲੜਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਦੱਸਣਯੋਗ ਹੈ ਕਿ ਉਹ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਸੂਬਾ ਪੱਧਰ ਤੇ ਕਈ ਇਨਾਮ ਹਾਸਲ ਕਰ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਸੁਡੋਲ ਸਰੀਰ ਮੁਕਾਬਲੇ ਵਿਚ 270 ਅਤੇ ਪੰਜਾ ਲੜਾਉਣ ਦੇ ਮੁਕਾਬਲੇ ਵਿਚ 90 ਵਿਅਕਤੀਆਂ ਨੇ ਭਾਗ ਲਿਆ ਸੀ | ਜਿਨ੍ਹਾਂ ਨੂੰ ਤਕੜੇ ਸੰਘਰਸ਼ ਨਾਲ ਮਾਤ ਦਿੱਤੀ ਗਈ | ਉਨ੍ਹਾਂ ਇਸ ਪ੍ਰਾਪਤੀ ਲਈ ਡੀ-ਜ਼ੋਨ ਜਿੰਮ ਦੇ ਕੋਚ ਜਗਜੀਤ ਸਿੰਘ, ਡਾਈਟੀਸੀਅਨ ਪਰਮਪ੍ਰੀਤ ਕੌਰ ਅਤੇ ਆਪਣੀ ਧਰਮ ਪਤਨੀ ਜ਼ਸਪ੍ਰੀਤ ਕੌਰ ਦਾ ਧੰਨਵਾਦ ਕੀਤਾ ਹੈ | ਜਿਨ੍ਹਾਂ ਵਲੋਂ ਦਿੱਤੀ ਗਈ ਸੇਧ ਅਤੇ ਖੁਰਾਕ ਕਰਕੇ ਉਹ ਲਗਾਤਾਰ ਪ੍ਰਾਪਤੀਆਂ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਉਸਦਾ ਦਾ ਮੁੱਖ ਉਦੇਸ਼ ਕੌਮੀ ਪੱਧਰ ਤੇ ਨਾਮਣਾ ਖੱਟਣਾ ਹੈ | ਜਿਸ ਲਈ ਉਹ ਲਗਾਤਾਰ ਯਤਨਸ਼ੀਲ ਹਨ | ਅੰਤ 'ਚ ਅੰਤਰਰਾਸ਼ਟਰੀ ਭਾਰ ਤੋਲਕ ਵਰਿੰਦਰ ਸੂਰੀ, ਪ੍ਰਦੀਪ ਸੂਰੀ, ਐਸੋਸੀਏਸ਼ਨ ਦੇ ਪ੍ਰਧਾਨ ਜ਼ਸਵੀਰ ਸੇਖੋਂ ਅਤੇ ਜਨਰਲ ਸਕੱਤਰ ਮੋਨੂੰ ਸਬਰਵਾਲ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਪਿੰਡ ਵਾਸੀਆਂ ਵਲੋਂ ਸੂਬਾ ਸਰਕਾਰ ਤੋਂ ਜੇਤੂ ਬਾਡੀ ਬਿਲਡਰ ਸ਼ਮਸ਼ੇਰ ਸਿੰਘ ਦੇ ਸਨਮਾਨ ਦੀ ਮੰਗ ਕੀਤੀ ਗਈ ਹੈ |