ਸ੍ਰੀ ਅਨੰਦਪੁਰ ਸਾਹਿਬ, 3 ਮਈ (ਜੇ. ਐਸ. ਨਿੱਕੂਵਾਲ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸੰਦੀਪ ਪਾਠਕ ਖ਼ਿਲਾਫ਼ ਦਰਜ ਮਾਮਲਿਆਂ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਵਿਰੋਧੀ ਆਗੂਆਂ 'ਤੇ ਕਾਰਵਾਈ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਠਕ ਆਮ ਆਦਮੀ ਪਾਰਟੀ ਵਿਚ ਸਨ, ਉਹ ਇਮਾਨਦਾਰ ਮੰਨੇ ਜਾਂਦੇ ਸਨ ਪਰ ਜਿਵੇਂ ਹੀ ਉਹ ਭਾਜਪਾ ਵਿਚ ਸ਼ਾਮਲ ਹੋਏ, ਉਨ੍ਹਾਂ ਨੂੰ ਬੇਈਮਾਨ ਦਿਖਾਇਆ ਜਾਣ ਲੱਗ ਪਿਆ | ਉਨ੍ਹਾਂ ਇਸ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ | ਡਾ. ਸ਼ਰਮਾ ਨੇ ਦੱਸਿਆ ਕਿ ਨੰਗਲ ਦੇ ਵਿਕਾਸ ਤੇ ਖ਼ਾਸ ਕਰਕੇ ਐਨ.ਐਫ.ਐਲ. ਦੇ ਵਿਸਥਾਰ ਸਬੰਧੀ ਹਾਲ ਹੀ ਵਿਚ ਉਨ੍ਹਾਂ ਵਲੋਂ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਜਲਦ ਹੀ ਨੰਗਲ ਦੇ ਐਨ.ਐਫ.ਐਲ. ਕਾਰਖ਼ਾਨੇ ਦੇ ਵਿਸਥਾਰ ਦੀਆਂ ਸੰਭਾਵਨਾਵਾਂ ਹਨ ਜਿਸ ਨਾਲ ਇਲਾਕੇ ਦੇ ਵਿਕਾਸ ਨੂੰ ਬਲ ਮਿਲੇਗਾ | ਇਸ ਦੌਰਾਨ ਭਾਰਤੀ ਜਨਤਾ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਕੱਢੀ ਜਾ ਰਹੀ 'ਪੋਲ ਖ਼ੋਲ ਪੈਦਲ ਯਾਤਰਾ' ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਲਾਕੇ ਵਿਚ ਆਮ ਲੋਕਾਂ ਦੀ ਵੱਡੀ ਸਪੋਰਟ ਮਿਲ ਰਹੀ ਹੈ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰੂਪਨਗਰ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ, ਮੋਹਿਤ ਸ਼ਰਮਾ ਆਦਿ ਮੌਜੂਦ ਸਨ |