ਨੂਰਪੁਰ ਬੇਦੀ, 3 ਮਈ (ਵਿੰਦਰਪਾਲ ਝਾਂਡੀਆਂ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਸਾਣਾ ਝਾਂਡੀਆਂ ਕਲਾਂ ਵਿਖੇ ਹੁਨਰ ਵਿਕਾਸ ਕੈਂਪ ਲਗਾਇਆ ਗਿਆ | ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਨੰਦ ਕਿਸ਼ੋਰ ਦੁਆਰਾ ਮਿੱਟੀ ਦੇ ਭਾਂਡੇ ਬਣਾਉਣ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ | ਉਕਤ ਕਾਰੀਗਰ ਦੁਆਰਾ ਬੱਚਿਆਂ ਨੂੰ ਚੀਕਣੀ ਮਿੱਟੀ ਨੂੰ ਤਿਆਰ ਕਰਕੇ ਕਿਸ ਤਰ੍ਹਾਂ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਹਨ ਬਾਰੇ ਦੱਸਿਆ | ਸਕੂਲ ਦੇ ਦੋਵੇਂ ਅਧਿਆਪਕ ਅਨਾਮਿਕਾ ਸ਼ਰਮਾ ਅਤੇ ਪਰਮਜੀਤ ਕੌਰ ਜੋ ਕਿ ਫਿਨਲੈਂਡ ਤੋਂ ਟਰੇਨਿੰਗ ਪ੍ਰਾਪਤ ਹਨ, ਨੇ ਕਿਹਾ ਪੰਜਾਬ ਸਰਕਾਰ ਦੇ ਦੁਆਰਾ ਸਾਨੂੰ ਜੋ ਫਿਨਲੈਂਡ ਤੋਂ ਟਰੇਨਿੰਗ ਪ੍ਰਾਪਤ ਹੋਈ ਹੈ, ਉਸ ਵਿਚ ਅਸੀਂ ਇਹ ਸਿੱਖਿਆ ਹੈ ਕਿ ਬੱਚੇ ਕਰ ਕੇ ਜੋ ਸਿੱਖਦੇ ਹਨ ਉਸ ਦਾ ਅਸਰ ਬੱਚਿਆਂ ਦੇ ਕੋਮਲ ਮਨ ਉੱਪਰ ਸਾਰੀ ਉਮਰ ਰਹਿੰਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਮਿੱਟੀ ਦੇ ਭਾਂਡਿਆਂ ਦੀ ਮਹੱਤਤਾ, ਇਤਿਹਾਸ ਅਤੇ ਇਹਨਾਂ ਦੇ ਉਪਯੋਗ ਬਾਰੇ ਜਾਣਕਾਰੀ ਦਿੱਤੀ | ਸਮਾਗਮ ਵਿਚ ਪ੍ਰਾਇਮਰੀ ਸਕੂਲ ਧਮਾਣਾਂ ਤੋਂ ਮਾਸਟਰ ਨੀਰਜ ਚੰਦਨ ਬਜਰੂੜ ਆਪਣੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਸ਼ਾਮਿਲ ਹੋਏ | ਇਸ ਮੌਕੇ ਚੇਤ ਰਾਮ, ਨੇਹਾ ਰਾਣੀ, ਅਮਨਦੀਪ ਕੌਰ, ਦਵਿੰਦਰ ਸਿੰਘ, ਪਵਨ ਕੁਮਾਰ ਆਦਿ ਮਾਪੇ ਹਾਜ਼ਰ ਸਨ |