ਸ੍ਰੀ ਚਮਕੌਰ ਸਾਹਿਬ, 4 ਮਈ (ਜਗਮੋਹਣ ਸਿੰਘ ਨਾਰੰਗ)-ਸਕੂਲਾਂ ਨੂੰ ਗੈਸ ਸਿਲੰਡਰ ਪਹਿਲ ਦੇ ਆਧਾਰ ਤੇ ਨਾ ਮਿਲਣ ਕਾਰਨ ਸਕੂਲਾਂ ਵਿਚ ਮਿਡ ਡੇ ਮੀਲ ਬੰਦ ਹੋਣ ਦੇ ਕਿਨਾਰੇ ਹੈ | ਇਹ ਜਾਣਕਾਰੀ ਦਿੰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਤਹਿਸੀਲ ਪ੍ਰਧਾਨ ਮਹਿੰਦਰ ਪਾਲ ਸਿੰਘ ਖੇੜੀ ਨੇ ਦੱਸਿਆ ਕਿ ਗੈਸ ਸਿਲੰਡਰ ਲੈਣ ਲਈ ਅਧਿਆਪਕਾਂ ਨੂੰ ਜਿੱਥੇ ਕਈ ਦਿਨ ਦੀ ਉਡੀਕ ਕਰਨੀ ਪੈ ਰਹੀ ਹੈ, ਉਥੇ ਕਈ ਵਾਰ ਇੱਕ ਤੋਂ ਵੱਧ ਗੇੜੇ ਲਗਾਉਣੇ ਪੈਂਦੇ ਹਨ | ਸਕੂਲਾਂ ਵਿਚ ਮਿਡ ਡੇ ਮੀਲ ਬਣਾਉਣ ਲਈ ਗੈਸ ਸਿਲੰਡਰ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਇਸ ਲਈ ਗੈਸ ਸਿਲੰਡਰਾਂ ਦੀ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਉਪਲਬਧਤਾ ਨਾ ਹੋਣ ਕਾਰਨ ਮਿਡ ਡੇ ਮੀਲ ਬੰਦ ਹੋਣ ਕਿਨਾਰੇ ਪਹੁੰਚ ਗਿਆ ਹੈ | ਉਨ੍ਹਾਂ ਦੱਸਿਆ ਕਿ ਗੈਸ ਏਜੰਸੀਆਂ ਵਲੋਂ ਪਹਿਲਾਂ ਰਜਿਸਟਰੇਸ਼ਨ ਕਰਾਉਣ ਲਈ ਕਿਹਾ ਜਾਂਦਾ ਹੈ ਜਿਸਦਾ ਓਟੀਪੀ ਦੋ -ਤਿੰਨ ਦਿਨ ਨਹੀਂ ਆਉਂਦਾ ਅਤੇ ਓਟੀਪੀ ਆਉਣ ਤੋਂ ਬਾਅਦ ਹੀ ਅਧਿਆਪਕ ਸਿਲੰਡਰ ਪ੍ਰਾਪਤ ਕਰਨ ਲਈ ਜਾ ਸਕਦਾ ਹੈ | ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਸਿਲੰਡਰ ਉਪਲਬਧ ਕਰਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ |