ਨੰਗਲ, 5 ਮਈ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਭਾਖੜਾ ਨੰਗਲ ਵਲੋਂ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਅਧੀਨ ਚਲਾਏ ਜਾ ਰਹੇ ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ ਟਰੇਨਿੰਗ ਕੋਰਸਾਂ ਦੀ ਸਫਲਤਾ ਪੂਰਵਕ ਸਮਾਪਤੀ ਮੌਕੇ ਕਾਂਗੜਾ ਵੈੱਲਫੇਅਰ ਸੋਸਾਇਟੀ ਵਿਖੇ ਇੱਕ ਪ੍ਰਮਾਣ-ਪੱਤਰ ਵੰਡ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੌਕੇ ਮੁੱਖ ਮਹਿਮਾਨ ਵਜੋਂ ਚੀਫ ਇੰਜੀਨੀਅਰ ਭਾਖੜਾ ਡੈਮ ਸੀ. ਪੀ. ਸਿੰਘ ਸ਼ਾਮਿਲ ਹੋਏ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮ ਮਹਿਲਾਵਾਂ ਨੂੰ ਆਤਮਨਿਰਭਰ ਬਣਾਕੇ ਸਮਾਜ ਵਿਚ ਮਜ਼ਬੂਤ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ | ਪਰਿਸ਼ਦ ਵਲੋਂ ਚਲਾਈ ਗਈ ਇਸ ਯੋਜਨਾ ਅਧੀਨ ਸਿਲਾਈ-ਕੜ੍ਹਾਈ ਅਤੇ ਬਿਊਟੀ ਪਾਰਲਰ ਦੇ ਦੋ ਬੈਚਾਂ (ਹਰ ਇੱਕ ਵਿਚ 25-25 ਸਿੱਖਿਆਰਥਨਾ) ਨੂੰ ਛੇ ਮਹੀਨੇ ਦੀ ਟਰੇਨਿੰਗ ਦਿੱਤੀ ਗਈ, ਜਿਸ ਦਾ ਸਫਲ ਸਮਾਪਨ 10 ਅਪ੍ਰੈਲ 2026 ਨੂੰ ਹੋਇਆ | ਅੱਜ ਉਹਨਾਂ ਨੂੰ ਟਰੇਨਿੰਗ ਪ੍ਰਮਾਣ-ਪੱਤਰ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਸਵਰੋਜ਼ਗਾਰ ਲਈ ਉਤਸ਼ਾਹਿਤ ਕਰਨ ਵਾਸਤੇ ਸਿਲਾਈ ਮਸ਼ੀਨਾਂ ਅਤੇ ਬਿਊਟੀ ਪਾਰਲਰ ਕਿੱਟਾਂ ਵੀ ਵੰਡੀਆਂ ਗਈਆਂ, ਤਾਂ ਜੋ ਉਹ ਆਤਮਨਿਰਭਰ ਬਣ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ | ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਐਡਵੋਕੇਟ ਅਸ਼ੋਕ ਮਨੋਚਾ, ਸੰਸਥਾਪਕ ਡਾਇਰੈਕਟਰ, ਸਵਾਮੀ ਵਿਵੇਕਾਨੰਦ ਬੀ.ਵੀ.ਪੀ. ਫਾਊਾਡੇਸ਼ਨ, ਡਾ. ਉਮਾ ਦੱਤ ਪਾਠਕ ਪ੍ਰਧਾਨ, ਕਾਂਗੜਾ ਵੈੱਲਫੇਅਰ ਸੋਸਾਇਟੀ; ਮੈਡਮ ਅਰੁਣਾ ਵਾਲੀਆ (ਚੇਅਰਪਰਸਨ), ਰਾਜਨ ਸੋਨੀ ਸਕੱਤਰ, ਜਰਨੈਲ ਸਿੰਘ ਸੰਧੂ ਅਤੇ ਰਾਜੀ ਛੱਬੜਾ ਤੋਂ ਇਲਾਵਾ ਸੁਰੇਸ਼ ਠਾਕੁਰ, ਓ.ਪੀ. ਨਰਿਆਲ, ਦਵਿੰਦਰ ਠਾਕੁਰ, ਮੈਡਮ ਸੋਮਾ ਸਿਲਾਈ-ਕੜ੍ਹਾਈ ਅਧਿਆਪਕਾ, ਕੁਲਵੰਤ ਰਾਇ ਪਾਠਕ, ਵਿਦੇਸ਼ ਸ਼ਰਮਾ ਅਤੇ ਅਜੀਤ ਸਿੰਘ ਠਾਕੁਰ ਆਦਿ ਹਾਜ਼ਰ ਸਨ |