ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)- ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਸਮੇਤ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਹਾਈਵੇਅ ਅਥਾਰਟੀ ਖਿਲਾਫ ਹਾਈਵੇਅ ਅਥਾਰਟੀ ਦੇ ਪਲਾਂਟ ਪਿੰਡ ਗੱਗੋਂ ਵਿਖੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਭਾਰਤਮਾਲਾ ਪ੍ਰੋਜੈਕਟ ਤਹਿਤ ਇਲਾਕੇ 'ਚੋਂ ਲੰਘ ਰਹੇ ਹਾਈਵੇਅ ਦੇ ਅੰਡਰ ਬਰਿੱਜਾਂ ਦੀਆਂ ਸੜਕਾਂ ਨੂੰ ਤੁਰੰਤ ਬਣਾਇਆ ਜਾਵੇ | ਧਰਨੇ ਦੌਰਾਨ ਸੰਬੋਧਨ ਉੱਘੇ ਸਮਾਜਸੇਵੀ ਦਰਸਨ ਸਿੰਘ ਸੰਧੂਆਂ ਯੂ.ਐਸ.ਏ., ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ, ਸੁਖਵਿੰਦਰ ਸਿੰਘ ਗੱਗੋਂ (ਸ਼ੇਰੇ ਪੰਜਾਬ ਕਿਸਾਨ ਯੂਨੀਅਨ), ਮਾ: ਸੁਰਿੰਦਰਪਾਲ ਸਿੰਘ ਸ੍ਰੀ ਚਮਕੌਰ ਸਾਹਿਬ, ਦੀਦਾਰ ਸਿੰਘ ਡਹਿਰ ਆਦਿ ਆਗੂਆਂ ਨੇ ਕਿਹਾ ਕਿ ਹਾਈਵੇਅ ਅਥਾਰਟੀ ਦੇ ਅਧਿਕਾਰੀ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਇਹ ਭਰੋਸਾ ਦਿੰਦੇ ਆ ਰਹੇ ਹਨ ਕਿ ਹਾਈਵੇਅ ਦੇ ਅੰਡਰ ਬਰਿੱਜਾਂ ਹੇਠ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਪਰ ਕਈ ਵਰ੍ਹੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸੜਕਾਂ ਨਹੀ ਬਣੀਆਂ ਜਦਕਿ ਇਥੇ ਖਿੱਲਰੇ ਪੱਥਰ, ਰੇਤ ਬਜਰੀ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ | ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪਰ ਕੋਈ ਵੀ ਨਤੀਜਾ ਨਹੀ ਨਿਕਲਿਆ | ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ/ਜ਼ਿਲ੍ਹਾ ਪ੍ਰਸਾਸਨ ਤੋਂ ਮੰਗ ਕੀਤੀ ਗਈ ਹਾਈਵੇਅ ਅਥਾਰਟੀ ਨੂੰ ਅੰਡਰ ਬਰਿੱਜ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ | ਇਸ ਮੌਕੇ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਬਲਜੀਤ ਸਿੰਘ ਗਿੱਲ ਝੱਲੀਆਂ ਕਲਾਂ, ਸਾਧੂ ਸਿੰਘ ਸਾਬਕਾ ਸਰਪੰਚ ਤਾਲਾਪੁਰ, ਨੰਬਰਦਾਰ ਸਤਨਾਮ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਕੋਟਲੀ, ਨੰਬਰਦਾਰ ਰਣਜੀਤ ਸਿੰਘ ਕੋਟਲੀ, ਸੰਤ ਸਿੰਘ ਦਿਓਲ ਸਾਬਕਾ ਸਰਪੰਚ ਕਤਲੌਰ, ਮਨਿੰਦਰ ਸਿੰਘ ਗੱਗੋਂ ਸਮੇਤ ਸ੍ਰੀ ਚਮਕੌਰ ਸਾਹਿਬ ਮੋਰਚਾ ਦੇ ਆਗੂ, ਭਾਕਿਯੂ (ਖੋਸਾ) ਦੇ ਆਗੂ, ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਆਦਿ ਮੌਜੂਦ ਸਨ |