ਨੰਗਲ, 13 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਨੰਗਲ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਚਿੱਟਕਪੜੀਏ ਆਗੂਆਂ ਦੇ ਲੱਛੇਦਾਰ ਭਾਸ਼ਨ ਵੀ ਸ਼ੁਰੂ ਹੋ ਗਏ ਹਨ | ਇਹ ਚੋਣਾਂ ਬਹੁਤ ਹੀ ਅਹਿਮ ਹਨ ਕਿਉਂਕਿ ਫਰਵਰੀ 2027 'ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ | ਹਰ ਵਾਰਡ 'ਚ ਹਰ ਪਾਰਟੀ ਦੇ 4-4,6-6 ਉਮੀਦਵਾਰ ਹਨ ਤੇ ਕਿਸੇ ਇੱਕ ਨੂੰ ਪਾਰਟੀ ਟਿਕਟ ਦੇਣਾ ਵੀ ਪਾਰਟੀ ਹਾਈਕਮਾਂਡ ਦਾ ਵੱਡਾ ਇਮਤਿਹਾਨ ਹੈ | ਹਰ ਪਾਰਟੀ ਦੇ ਆਗੂ ਨੰਗਲ ਦੇ ਵਿਕਾਸ ਦੀ ਗੱਲ ਕਰ ਰਹੇ ਹਨ ਪਰ ਅਸਲ ਸੱਚ ਇਹ ਹੈ ਕਿ ਨੰਗਲ ਨਿਘਾਰ ਵੱਲ ਜਾ ਰਿਹਾ ਹੈ | ਹਰ ਛੋਟੇ ਵੱਡੇ ਸ਼ਹਿਰ ਦੀ ਜਨਸੰਖਿਆ ਵਧੀ ਹੈ ਪਰ ਨੰਗਲ ਦੀ ਜਨਸੰਖਿਆ ਘਟੀ ਹੈ | ਭਾਰਤ ਸਰਕਾਰ ਦੇ ਅਦਾਰੇ ਐਨ.ਐਫ.ਐਲ. ਤੇ ਬੀ.ਬੀ.ਐਮ.ਬੀ., ਜਿਹੜੇ ਕਦੇ ਰੁਜ਼ਗਾਰ ਦਿੰਦੇ ਸਨ ਹੁਣ ਠੇਕਾ ਸਿਸਟਮ ਨੂੰ ਹੱਲਾਸ਼ੇਰੀ ਦਿੰਦੇ ਹਨ | ਭਾਰਤ 'ਚ ਔਸਤਨ ਸਾਖਰਤਾ ਦਰ 74 ਫ਼ੀਸਦੀ ਹੈ ਪਰ ਨੰਗਲ 'ਚ 78 ਫ਼ੀਸਦੀ | ਪੜ੍ਹੇ ਲਿਖੇ ਲੋਕੀ ਸੱਥਾਂ 'ਚ ਵਿਚਰਦਿਆਂ ਕਹਿ ਰਹੇ ਹਨ 'ਹੁਣ ਬਣੇਗਾ ਨੰਗਲ ਸਵਿਟਜਰਲੈਂਡ.. ਅਤੇ ਮੁੜ ਸ਼ੁਰੂ ਹੋਵੇਗੀ ਨੰਗਲ ਵਰਕਸ਼ਾਪ' |