ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਅੰਦਰ ਮਿਊਾਸਪਲ ਚੋਣਾਂ ਸਬੰਧੀ ਤਾਰੀਖਾਂ ਦਾ ਐਲਾਨ ਹੁੰਦਿਆਂ ਸਮੂਹ ਉਮੀਦਵਾਰਾਂ ਦੀਆਂ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ, ਇਸ ਦੇ ਨਾਲ ਹੀ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਸਮੂਹ 13 ਵਾਰਡਾਂ ਦੇ ਰਾਖਵੇਂਕਰਨ ਸੰਬੰਧੀ ਨੋਟੀਫਿਕੇਸ਼ਨ ਵੀ 11 ਮਈ ਨੂੰ ਜਾਰੀ ਹੋ ਗਿਆ ਹੈ | ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਦੇ ਵਿਭਾਗ (ਮਿਊਾਸਪਲ ਚੋਣ ਸਾਖਾ) ਵਲੋਂ ਮਿਤੀ 11 ਮਈ ਨੂੰ ਜਾਰੀ ਕੀਤੇ ਪੱਤਰ ਅਨੁਸਾਰ ਹੋਈ ਰੋਟੇਸ਼ਨ ਤੋਂ ਬਾਅਦ ਵਾਰਡ ਨੰਬਰ 1,11 ਨੂੰ ਐਸ.ਸੀ. ਵਰਗ, 8,10 ਨੂੰ ਐਸ.ਸੀ. ਮਹਿਲਾ, 2 ਨੂੰ ਬੀ.ਸੀ., 4,6,12,13 ਨੂੰ ਜਨਰਲ ਮਹਿਲਾ ਤੇ 3,5,7 ਤੇ 9 ਨੂੰ ਜਨਰਲ ਵਰਗ ਲਈ ਰਾਖਵਾਂ ਕਰ ਦਿੱਤਾ ਹੈ | ਭਾਵੇਂ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਚਮਕੌਰ ਸਾਹਿਬ ਦੇ ਵਾਰਡਾਂ 'ਚ ਪਹਿਲਾਂ ਜਾਰੀ ਹੋਈ ਸੂਚੀ ਅਨੁਸਾਰ ਸੰਭਾਵੀ ਉਮੀਦਵਾਰਾਂ ਨੇ ਚੋਣ ਸਰਗਰਮੀ ਨੂੰ ਕਾਫੀ ਤੇਜ਼ ਕਰ ਦਿੱਤਾ ਸੀ ਪਰ 11 ਮਈ ਨੂੰ ਮੁੜ ਜਾਰੀ ਹੋਏ ਨੋਟੀਫਿਕੇਸ਼ਨ ਨੇ ਇਨ੍ਹਾਂ ਉਮੀਦਵਾਰਾਂ ਨੂੰ ਦੂਜੇ ਵਾਰਡਾਂ 'ਚ ਮੁੜ ਸਰਗਰਮ ਕਰ ਦਿੱਤਾ ਹੈ | ਇਨ੍ਹਾਂ ਚੌਣਾਂ ਸੰਬੰਧੀ ਸਥਾਨਕ ਤਹਿਸੀਲਦਾਰ ਨੂੰ ਚੋਣ ਰਿਟਰਨਿੰਗ ਅਫ਼ਸਰ ਅਤੇ ਨਾਇਬ ਤਹਿਸੀਲਦਾਰ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਤਾਇਨਾਤ ਕੀਤਾ ਗਿਆ ਪਰ ਤਹਿਸੀਲਦਾਰ ਦੀ ਪਦਉਨਤ ਹੋਣ ਤੋਂ ਬਾਅਦ ਬਦਲੀ ਹੋਣ ਕਾਰਨ ਤਹਿਸੀਲਦਾਰ ਦੀ ਅਸਾਮੀ ਖਾਲੀ ਹੈ ਜਿਥੇ ਕੋਈ ਹੋਰ ਅਧਿਕਾਰੀ ਤਇਨਾਤ ਕੀਤਾ ਜਾ ਰਿਹਾ ਹੈ | ਸਥਾਨਕ ਐਸ.ਡੀ.ਐਮ. ਪਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਦੇ 13 ਵਾਰਡਾਂ ਲਈ ਕੁੱਲ 10755 ਵੋਟ ਹੈ ਜਿਸ ਵਿਚ 5501 ਪੁਰਸ਼, 5253 ਮਹਿਲਾ ਅਤੇ ਇੱਕ ਵੋਟ ਤੀਸਰੇ ਲਿੰਗ ਦੀ ਹੈ | ਇਨ੍ਹਾਂ ਵਿਚੋਂ ਸੱਭ ਤੋਂ ਘੱਟ ਵਾਰਡ ਨੰਬਰ 5 ਵਿਚ 603 ਤੇ ਸੱਭ ਤੋਂ ਵੱਧ 1155 ਵੋਟ ਵਾਰਡ ਨੰਬਰ 10 ਵਿਚ ਹੈ | ਦੱਸਣਯੋਗ ਹੈ ਕਿ ਵਾਰਡ ਨੰਬਰ 7 ਅਤੇ 11 ਵਿਚ ਪੁਰਸ਼ਾਂ ਨਾਲੋਂ ਇਸਤਰੀ ਵੋਟ ਵੱਧ ਹੈ | ਚੋਣ ਅਧਿਕਾਰੀਆਂ ਅਨੁਸਾਰ ਉਕਤ ਵੋਟਾਂ 'ਚ ਅਜੇ ਸੁਧਾਰ ਵੀ ਹੋ ਸਕਦਾ ਹੈ | ਦੱਸਣਯੋਗ ਹੈ ਇਨ੍ਹਾਂ ਵੋਟਾਂ 'ਚ ਕਾਂਗਰਸ, ਸੱਤਾਧਾਰੀ 'ਆਪ', ਭਾਜਪਾ, ਸ਼੍ਰੋਮਣੀ ਅਕਾਲੀ ਦਲ, ਬਸਪਾ ਦੇ ਉਮੀਦਵਾਰਾਂ ਸਮੇਤ ਆਜ਼ਾਦ ਤੌਰ 'ਤੇ ਵੀ ਉਮੀਦਵਾਰ ਚੋਣ ਲੜ ਰਹੇ ਹਨ |